ਸਿੱਧਵਾਂ ਬੇਟ, 23 ਮਈ (ਜਸਵੰਤ ਸਿੰਘ ਸਲੇਮਪੁਰੀ)-ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਵਿਚ ਪਿੰਡ ਮੱਧੇਪੁਰ ਵਿਖੇ ਚੱਲ ਰਹੀ ਖੱਡ 'ਚੋਂ ਰੇਤਾ ਭਰ ਕੇ ਨਿਕਲਣ ਵਾਲੇ ਵਾਹਨਾਂ ਨੂੰ ਰਸਤਾ ਦੇਣ ਦੇ ਮਾਮਲੇ ਵਿਚ ਪਿੰਡ ਮੱਧੇਪੁਰਾ ਦੀਆਂ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ | ਦੋਵਾਂ ਧਿਰਾਂ ਨੇ ਇਕ-ਦੂਜੇ 'ਤੇ ਇੱਟਾਂ-ਰੋੜੇ ਚਲਾਏ | ਜਿਸ ਨਾਲ ਦੋਵਾਂ ਧਿਰਾਂ ਦੇ ਕੁਝ ਲੋਕ ਵੀ ਜ਼ਖ਼ਮੀ ਹੋ ਗਏ | ਇਕ ਧਿਰ ਵੱਲੋਂ ਪਿੰਡ ਦੀ ਮੌਜੂਦਾ ਸਰਪੰਚ ਦੇ ਪਤੀ ਨੂੰ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਗਈ | ਇਹ ਅੱਗ ਬੰਨ੍ਹ ਕਿਨਾਰੇ ਖੜ੍ਹੇ ਤੂੜੀ ਦੇ ਕੁੱਪ ਕੋਲ ਵੀ ਜਾ ਲੱਗੀ | ਜੇਕਰ ਤੁਰੰਤ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇਸ ਜਗ੍ਹਾ 'ਤੇ ਅੱਗ ਲੱਗਣ ਨਾਲ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਸਕਦਾ ਸੀ | ਦੋਵਾਂ ਧਿਰਾਂ ਵਿਚ ਚੱਲੇ ਰੋੜੇ ਅਤੇ ਗਾਲੀ-ਗਲੋਚ ਦੀਆਂ ਵੀਡੀਓ ਵੀ ਸੋਸ਼ਲ ਮੀਡੀਏ 'ਤੇ ਘੁੰਮ ਰਹੀਆਂ ਹਨ | ਜਿਸ ਵਿਚ ਕੁਝ ਔਰਤਾਂ ਆਪਣੇ ਹੱਥਾਂ ਵਿਚ ਫੜ੍ਹੀਆਂ ਡਾਗਾਂ ਦੇ ਮੂਹਰਲੇ ਹਿੱਸੇ 'ਤੇ ਲਪੇਟੇ ਗਏ ਕੱਪੜਿਆਂ ਨੂੰ ਅੱਗ ਲਗਾਈ ਅੱਗੇ ਵਧਦੀਆਂ ਵਿਖਾਈ ਦੇ ਰਹੀਆਂ ਹਨ | ਇਸ ਸੰਬੰਧੀ ਥਾਣਾ ਸਿੱਧਵਾਂ ਬੇਟ ਨੂੰ ਦਿੱਤੀ ਗਈ ਲਿਖਤੀ ਸ਼ਿਕਾਇਤ 'ਚ ਸਰਪੰਚ ਪਰਮਜੀਤ ਕੌਰ ਪਤਨੀ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਝ ਲੋਕਾਂ ਨੇ ਠੇਕੇਦਾਰ ਨੂੰ ਰਸਤਾ ਦੇਣ ਦੇ ਵਿਰੋਧ ਵਿਚ ਆ ਕੇ ਸਾਡੇ ਪਿੰਡ ਦੇ ਪੂਰਨ ਸਿੰਘ ਪੁੱਤਰ ਸੁੰਦਰ ਸਿੰਘ ਦੀ ਜਗ੍ਹਾ 'ਤੇ ਕਬਜ਼ਾ ਕਰ ਲਿਆ | ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਦੂਜੀ ਧਿਰ 'ਤੇ ਇੱਟਾਂ, ਰੋੜਿਆਂ ਨਾਲ ਹਮਲਾ ਕਰ ਦਿੱਤਾ ਅਤੇ ਇਸ ਮੌਕੇ 'ਤੇ ਮਸਲੇ ਦਾ ਹੱਲ ਕਰਨ ਲਈ ਪੁੱਜੇ ਮੇਰੇ ਪਤੀ ਦਰਸ਼ਨ ਸਿੰਘ ਅਤੇ ਹੋਰਾਂ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ | ਉਨ੍ਹਾਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਜਦੋਂ ਇਸ ਸੰਬੰਧੀ ਦੂਜੇ ਧਿਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਪਹਿਲਾਂ ਇਕ ਵੱਡੇ ਹਜੂਮ ਨੇ ਸਾਡੇ 'ਤੇ ਹਮਲਾ ਕਰ ਦਿੱਤਾ ਸੀ | ਦੂਜੇ ਪਾਸੇ ਥਾਣਾ ਮੁਖੀ ਅਮਰਜੀਤ ਸਿੰਘ ਨੇ ਆਖਿਆ ਕਿ ਸਾਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ |
ਦਰਿਆ ਸਤਲੁਜ ਵਿਚਲੀ ਖੱਡ 'ਚੋਂ ਰੇਤਾ ਭਰਕੇ ਨਿਕਲਣ ਵਾਲੇ ਵਾਹਨਾਂ ਨੂੰ ਰਸਤਾ ਦੇਣ ਨੂੰ ਲੈ ਕੇ 2 ਧਿਰਾਂ ਹੋਈਆਂ ਆਹਮੋ-ਸਾਹਮਣੇ
ਅਜੀਤ ਡੈਸਕ
24-05-2026