ਟੋਹਾਣਾ, 25 ਜੂਨ (ਮਨਜੀਤ ਸਿੰਘ)- ਟੋਹਾਣਾ ਦੇ ਰਾਮ ਨਗਰ ਸਥਿਤ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਅੱਜ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਰਾਮ ਨਗਰ ਟੋਹਾਣਾ ਵਿਖੇ 1 ਮਈ ਤੋਂ ਬੀਬੀਆਂ ਵੱਲੋਂ ਰੋਜ਼ਾਨਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਾ ਰਹੇ ਹਨ, ਜੋ 30 ਜੂਨ ਤੱਕ ਜਾਰੀ ਰਹਿਣਗੇ। ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ 23 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ 25 ਜੂਨ ਨੂੰ ਭੋਗ ਪਾਏ ਗਏ। ਭੋਗ ਉਪਰੰਤ ਸਜੇ ਕੀਰਤਨ ਦਰਬਾਰ ਵਿੱਚ ਹੈੱਡ ਗ੍ਰੰਥੀ ਗਿਆਨੀ ਆਗਿਆਪਾਲ ਸਿੰਘ, ਭਾਈ ਗੁਰਪ੍ਰੀਤ ਸਿੰਘ ਅਤੇ ਬੀਬੀਆਂ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਬੀਬੀ ਫੂਲਾ ਦੇਵੀ, ਬੀਬੀ ਸੰਤੋਸ਼ ਰਾਣੀ, ਬੀਬੀ ਓਮਾ ਰਾਣੀ, ਕਿਰਨ ਦੇਵੀ ਅਤੇ ਤਾਰਾ ਦੇਵੀ ਨੇ ਗੁਰੂ ਇਤਿਹਾਸ ਅਤੇ ਗੁਰਬਾਣੀ ਦੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਿਆ। ਇਸ ਮੌਕੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਰਾਮ ਨਗਰ ਟੋਹਾਣਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਅਲਾਵਾਦੀ, ਖਜ਼ਾਨਚੀ ਤੀਰਥ ਦਾਸ ਗੁਲਾਟੀ, ਨੰਦ ਲਾਲ ਸਚਦੇਵਾ, ਰਮੇਸ਼ ਗੁਲਾਟੀ, ਵਿਨੋਦ ਅਲਾਵਾਦੀ, ਹਰਜੀਤ ਸਿੰਘ, ਅਵਤਾਰ ਸਿੰਘ, ਗਿਆਨੀ ਗੁਰਚਰਨ ਸਿੰਘ, ਗੋਬਿੰਦ ਸਿੰਘ ਅਤੇ ਗਿਆਨੀ ਸੁਜਾਨ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਸਮਾਗਮ ਦੌਰਾਨ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ, ਜਿਨ੍ਹਾਂ ਵਿੱਚ ਸੰਗਤਾਂ ਨੇ ਬੜੀ ਸ਼ਰਧਾ ਨਾਲ ਹਿੱਸਾ ਲਿਆ।