11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਕਾਗ਼ਜ਼ਾਂ ਵਿਚ ਹੀ ਹੋਏ ਹਨ ਹੜ੍ਹਾਂ ਨੂੰ ਲੈ ਕੇ ਪ੍ਰਬੰਧ ਮੁਕੰਮਲ ?

Ad Position 21
No active advertisement
ਅਜੀਤ ਡੈਸਕ 26-06-2026
ਹਰੀਕੇ ਪੱਤਣ, 25 ਜੂਨ (ਸੰਜੀਵ ਕੁੰਦਰਾ)–ਪੰਜਾਬ ਵਿਚ ਪਿਛਲੇ ਕੁਝ ਸਾਲਾਂ ਤੋਂ ਹੜ੍ਹਾਂ ਨੇ ਵੱਡੀ ਮਾਰ ਮਾਰੀ ਹੈ ਤੇ ਹੜ੍ਹਾਂ ਕਾਰਨ ਹੋਈ ਬਰਬਾਦੀ ਦੇ ਮਾਰੇ ਲੋਕ ਅਜੇ ਤੱਕ ਪੈਰਾਂ ਸਿਰ ਨਹੀਂ ਹੋ ਸਕੇ ਬੇਸ਼ੱਕ ਸਰਕਾਰਾਂ ਮੁਆਵਜ਼ੇ ਦੇ ਨਾਂਅ ’ਤੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਜ਼ਖਮਾਂ ਤੇ ਮੱਲ੍ਹਮ ਲਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਇਸ ਨਾਲ ਵੱਡੇ ਨੁਕਸਾਨਾਂ ਦੀ ਪੂਰਤੀ ਸੰਭਵ ਨਹੀਂ। ਇਸ ਤੋਂ ਵੀ ਵੱਡਾ ਪੱਖ ਇਹ ਹੈ ਕਿ ਸਰਕਾਰਾਂ ਇਨ੍ਹਾਂ ਮਾਰਾਂ ਤੋਂ ਲੋਕਾਂ ਨੂੰ ਬਚਾਉਣ ਸਮੇਂ ਸਿਰ ਉਪਰਾਲੇ ਕਰਨ ਤਾਂ ਇਨ੍ਹਾਂ ਕੁਦਰਤੀ ਆਫ਼ਤਾਂ ਤੋਂ ਕਾਫ਼ੀ ਹੱਦ ਤੱਕ ਬਚਾਅ ਵੀ ਹੋ ਸਕਦਾ ਹੈ। ਸਰਕਾਰਾਂ ਹਰ ਸਾਲ ਦੀ ਤਰ੍ਹਾਂ ਹੜਾਂ ਨੂੰ ਰੋਕਣ ਦੇ ਪ੍ਰਬੰਧ ਕਰਨ ਦੇ ਦਾਅਵੇ ਤਾਂ ਕਰ ਰਹੀਆਂ ਹਨ, ਪਰ ਜ਼ਮੀਨੀ ਹਕੀਕਤ ਵਿਚ ਕੁਝ ਵੀ ਨਹੀਂ ਹੋਇਆ ਤੇ ਇਹ ਪ੍ਰਬੰਧ ਤਾਂ ਸਿਰਫ਼ ਕਾਗਜ਼ਾਂ ਵਿਚ ਹੀ ਮੁਕੰਮਲ ਹੋਏ ਲੱਗਦੇ ਹਨ। ਅਜਿਹਾ ਹੀ ਇਕ ਇਲਾਕਾ ਹੈ, ਹਰੀਕੇ ਹੈੱਡ ਵਰਕਸ ਨਜ਼ਦੀਕ ਹਰੀਕੇ ਹਥਾੜ ਖੇਤਰ ਜਿੱਥੇ ਜ਼ਿਲਾ ਤਰਨ ਤਾਰਨ ਤੇ ਜ਼ਿਲ੍ਹਾ ਫਿਰੋਜ਼ਪੁਰ ਦਾ ਸੈਂਕੜੇ ਏਕੜ ਰਕਬਾ ਕਈ ਵਾਰ ਹੜ੍ਹਾਂ ਦੀ ਮਾਰ ਝੱਲ ਚੁੱਕਾ ਹੈ। ਬਿਆਸ-ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ ਛੱਡੇ ਪਾਣੀ ਨੇ ਸਾਲ 2023 ਅਤੇ ਸਾਲ 2025 ਵਿਚ ਹਰੀਕੇ ਹਥਾੜ ਖੇਤਰ ਨੂੰ ਤਹਿਸ ਨਹਿਸ ਕਰ ਕੇ ਰੱਖ ਦਿੱਤਾ ਸੀ। ਅਜੇ ਬਾਰਸ਼ਾਂ ਦਾ ਮੋਸਮ ਸ਼ੁਰੂ ਵੀ ਨਹੀਂ ਹੋਇਆ ਕਿ ਹਰੀਕੇ ਹਥਾੜ ਖੇਤਰ ਦੇ ਲੋਕਾਂ ਨੂੰ ਹੜ੍ਹਾਂ ਦਾ ਡਰ ਸਤਾਉਣ ਲੱਗਾ ਹੈ ਕਿਉਂਕਿ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਕੋਈ ਵੀ ਪ੍ਰਬੰਧ ਨਾ ਹੋਣ ਕਾਰਨ ਸਥਿਤੀ ਗੰਭੀਰ ਹੈ। ਹਰੀਕੇ ਹੈੱਡ ਤੋਂ ਡਾਊਨ ਸਟਰੀਮ ਨੂੰ ਛੱਡਿਆ ਜਾ ਰਿਹਾ ਨਾ ਮਾਤਰ ਪਾਣੀ ਹੁਣ ਤੋਂ ਹੀ ਕਰੋਪ ਹੁੰਦਾ ਜਾ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਡਾਊਨ ਸਟਰੀਮ ਵਾਲੇ ਪਾਸੇ ਸਤਲੁਜ ਦਰਿਆ ਦੇ ਰਸਤੇ ਹੁਸੈਨੀਵਾਲਾ ਹੈਡ ਵਰਕਸ ਨੂੰ ਮੰਗ ਅਨੁਸਾਰ ਸਿਰਫ਼ 1100 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਇਸ ਪਾਣੀ ਨੇ ਗੱਟੀ ਹਰੀਕੇ, ਦੀਨੇਕੇ ਖੇਤਰ ਵਿਚ ਢਾਹ ਲਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਜਿੱਥੇ ਪਾਣੀ ਪਹਿਲਾਂ ਧੁਸੀ ਬੰਨ੍ਹ ਤੋਂ 40- 50 ਫੁੱਟ ਦੂਰ ਵਹਿੰਦਾ ਸੀ ਅਤੇ ਬੀਤੇ 2-3 ਦਿਨਾਂ ਤੋਂ ਪਾਣੀ ਦੇ ਵਹਾਅ ਦੀ ਢਾਹ ਲੱਗਣ ਕਾਰਨ ਕਈ ਜਗ੍ਹਾ ਤੋਂ ਵਗ ਰਹੇ ਪਾਣੀ ਤੋਂ ਬੰਨ੍ਹ ਦੀ ਦੂਰੀ ਸਿਰਫ਼ 10-15 ਫੁੱਟ ਹੀ ਰਹਿ ਗਈ ਹੈ ਜਿਸ ਕਾਰਨ ਮੌਨਸੂਨ ਤੋਂ ਪਹਿਲਾਂ ਹੀ ਕਿਸਾਨ ਖੌਫ ਵਿਚ ਹਨ। ਇਸ ਮੌਕੇ ਕਿਸਾਨ ਆਗੂ ਜੋਗਿੰਦਰ ਸਿੰਘ ਗੱਟੀ, ਲਖਬੀਰ ਸਿੰਘ ਗੱਟੀ, ਗੁਰਦੇਵ ਸਿੰਘ, ਬਿੱਕਰ ਸਿੰਘ, ਬਲਵੀਰ ਸਿੰਘ ਗੱਟੀ, ਜੋਗਾ ਸਿੰਘ, ਅਵਤਾਰ ਸਿੰਘ, ਨਿਰਵੈਲ ਸਿੰਘ, ਰੇਸ਼ਮ ਸਿੰਘ, ਗੁਰਪ੍ਰੀਤ ਸਿੰਘ ਵਸਤੀ ਲਾਲ ਸਿੰਘ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਹਰਿੰਦਰ ਸਿੰਘ, ਦੇਸਾ ਸਿੰਘ, ਹਰਦੇਵ ਸਿੰਘ ਅਤੇ ਗੁਰਸੇਵਕ ਸਿੰਘ ਆਦਿ ਨੇ ‘ਅਜੀਤ ‘ ਨਾਲ ਗੱਲਬਾਤ ਕਰਦਿਆਂ ਸਰਕਾਰ ਅਤੇ ਪ੍ਰਸ਼ਾਸਨ ’ਤੇ ਤਿੱਖਾ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਜਦ ਹੜ੍ਹਾਂ ਦੀ ਮਾਰ ਪੈਂਦੀ ਹੈ ਤਾਂ ਪਾਰਟੀਆਂ ਦੇ ਆਗੂ ਮਿੱਟੀ ਦੀਆਂ ਬੋਰੀਆਂ ਚੁੱਕ ਕੇ ਫੋਟੋਆਂ ਖਿੱਚ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਹਨ ਕਿ ਅਸੀਂ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਾਂ ਜਦ ਕਿ ਇਹ ਸਿਰਫ ਦਿਖਾਵੇ ਲਈ ਕੀਤਾ ਜਾਂਦਾ ਹੈ ਅਤੇ ਅਸਲੀਅਤ ਵਿਚ ਚੰਦ ਦਿਨਾਂ ਦੇ ਫੋਟੋ ਸ਼ੂਟ ਤੋਂ ਬਾਅਦ ਸਾਡੀ ਕੋਈ ਵੀ ਸਾਰ ਨਹੀਂ ਲੈਂਦਾ । ਕਿਸਾਨਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਹੜ੍ਹਾਂ ਸਮੇਂ ਫੋਟੋਆਂ ਖਿਚਾਉਣ ਦੀ ਥਾਂ ਤੇ ਹੜ੍ਹਾਂ ਤੋਂ ਪਹਿਲਾਂ ਬਣਦੇ ਪ੍ਰਬੰਧ ਕੀਤੇ ਜਾਣ। ਕਿਸਾਨ ਆਗੂ ਜੋਗਿੰਦਰ ਸਿੰਘ ਗੱਟੀ ਹਰੀਕੇ ਨੇ ਕਿਹਾ ਕਿ ਬੀਤੇ 2 ਦਿਨਾਂ ਤੋਂ ਪਾਣੀ ਦੇ ਤੇਜ਼ ਵਹਾਅ ਕਾਰਨ ਮਿੱਟੀ ਦੀਆਂ ਢਿੱਗਾਂ ਡਿੱਗ ਰਹੀਆਂ ਹਨ, ਜਿਸ ਨੂੰ ਰੋਕਣ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਹੀ ਪ੍ਰਬੰਧ ਕਰਨੇ ਚਾਹੀਦੇ ਸਨ ਜਦ ਕਿ ਹਕੀਕਤ ਇਹ ਹੈ ਕਿ ਸਾਲ 2025 ਵਿਚ ਹੜ੍ਹਾਂ ਤੋਂ ਬਾਅਦ ਸਾਡੇ ਇੱਥੇ ਪ੍ਰਸ਼ਾਸਨ ਪਹੁੰਚਿਆ ਹੀ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਹੁਣ ਵੀ ਜਾਗ ਪਵੇ ਤਾਂ ਕੁਝ ਨਾ ਕੁਝ ਬਚਾਅ ਹੋ ਸਕਦਾ ਹੈ ਜਿੱਥੇ ਪਾਣੀ ਦੀ ਢਾਹ ਲੱਗ ਰਹੀ ਹੈ, ਉਸ ਜਗ੍ਹਾ ਤੇ ਪੱਥਰ ਲਾਇਆ ਜਾਵੇ ਅਤੇ ਧੁੱਸੀ ਬੰਨ੍ਹ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਨੋਚਾ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਇਸ ਜਗ੍ਹਾ ਤੋਂ ਬੰਨ੍ਹ ਟੁੱਟਦਾ ਹੈ, ਤਾਂ 22 ਤੋਂ ਵੱਧ ਪਿੰਡ ਪਾਣੀ ਦੀ ਮਾਰ ਹੇਠ ਆਉਣਗੇ ਤੇ ਹਜ਼ਾਰਾ ਏਕੜ ਜ਼ਮੀਨ ਬਰਬਾਦ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਮੌਲਸਰੀ ਪੈਲੇਸ ਨਜ਼ਦੀਕ ਪੁਲ ਨੇ ਧਾਰਿਆ ਛੱਪੜ ਦਾ ਰੂਪ, ਥੋੜ੍ਹਾ ਜਿਹਾ ਮੀਂਹ ਪੈਣ ਕਾਰਨ ਪੁਲ ਉਪਰ ਜਮ੍ਹਾਂ ਹੋ ਜਾਂਦਾ ਪਾਣੀ ਅਗਲੀ ਖ਼ਬਰ ਗੁਰੂ ਅਰਜਨ ਦੇਵ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ
Ad Position 24