ਯਮੁਨਾਨਗਰ, 4 ਜੁਲਾਈ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਸਰਕਾਰ ਦੇ ‘ਨਸ਼ਾ ਮੁਕਤ ਰਾਜ’ ਦੇ ਨਾਅਰੇ ਤਹਿਤ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਅੰਬਾਲਾ ਯੂਨਿਟ ਨੇ ਕਾਰਵਾਈ ਕਰਦਿਆਂ ਇਕ ਨਸ਼ਾ ਤਸਕਰ ਨੂੰ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਅੰਬਾਲਾ ਯੂਨਿਟ ਦੇ ਇੰਚਾਰਜ ਇੰਸਪੈਕਟਰ ਮਹਿਰੂਫ ਅਲੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ‘ਚ ਸ਼ਾਮਿਲ ਸਹਾਇਕ ਸਬ-ਇੰਸਪੈਕਟਰ ਵਿਜੇ ਕੁਮਾਰ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਰਾਜੇਸ਼ ਕੁਮਾਰ ਉਰਫ਼ ਵਿੱਕੀ ਉਰਫ਼ ਜੱਸੀ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਹਰੀਪੁਰ ਕੰਬੋਆਂ ਜ਼ਿਲ੍ਹਾ ਯਮੁਨਾਨਗਰ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ। ਮੁਖ਼ਬਰ ਨੇ ਦੱਸਿਆ ਕਿ ਅੱਜ ਵੀ ਰਾਜੇਸ਼ ਕੁਮਾਰ ਉਰਫ਼ ਵਿੱਕੀ ਉਰਫ਼ ਜੱਸੀ ਆਪਣੇ ਕਾਲੇ ਰੰਗ ਦੇ ਪਲਟੀਨਾ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕਿਸੇ ਨੂੰ ਨਸ਼ੇ ਦੀ ਸਪਲਾਈ ਦੇਣ ਲਈ ਜਗਾਧਰੀ ਰਾਹੀਂ ਪਿੰਡ ਮਹਿਲਾਵਾਲੀ ਵੱਲ ਆ ਰਿਹਾ ਹੈ ਅਤੇ ਜੇਕਰ ਹੁਣੇ ਪਬਾਨੀ ਰੋਡ ਜਗਾਧਰੀ ਵਿਖੇ ਨਾਕਾਬੰਦੀ ਕੀਤੀ ਜਾਵੇ ਤਾਂ ਰਾਜੇਸ਼ ਕੁਮਾਰ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਉਨ੍ਹਾਂ ਦੀ ਟੀਮ ਵਲੋਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਅਤੇ ਜਦੋਂ ਗਜ਼ਟਿਡ ਅਫ਼ਸਰ ਦੀ ਮੌਜੂਦਗੀ ‘ਚ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 20 ਗ੍ਰਾਮ ਹੈਰੋਇਨ (ਦਰਮਿਆਨੀ ਮਾਤਰਾ) ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦਾ ਮਾਣਯੋਗ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਿਲ ਕਰਕੇ ਨਸ਼ਾ ਤਸਕਰੀ ਦੇ ਨੈੱਟਵਰਕ ਅਤੇ ਇਸ ‘ਚ ਸ਼ਾਮਿਲ ਹੋਰਨਾਂ ਮੁਲਜ਼ਮਾਂ ਦਾ ਪਰਦਾਫਾਸ਼ ਕੀਤਾ ਜਾਵੇਗਾ।