ਕੁੱਟਮਾਰ ਮਾਮਲੇ ਦਾ ਪੰਜਵਾਂ ਮੁਲਜ਼ਮ ਅਤੇ ਪੁਲਿਸ ਡਿਊਟੀ ਵਿੱਚ ਰੁਕਾਵਟ ਪਾਉਣ ਵਾਲੇ ਦੋ ਦੋਸ਼ੀ ਵੀ ਕਾਬੂ
ਟੋਹਾਣਾ, 21 ਜੁਲਾਈ (ਮਨਜੀਤ ਸਿੰਘ)- ਪੁਲਿਸ ਸੁਪਰਡੈਂਟ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਪਰਾਧ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਟੋਹਾਣਾ ਪੁਲਿਸ ਨੇ ਚਾਰ ਵੱਖ-ਵੱਖ ਮਾਮਲਿਆਂ ਵਿੱਚ ਅਹਿਮ ਸਫ਼ਲਤਾ ਹਾਸਲ ਕਰਦਿਆਂ ਕਈ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚ ਨਾਜਾਇਜ਼ ਸ਼ਰਾਬ ਦੀ ਤਸਕਰੀ, ਸ਼ਰਾਬ ਠੇਕੇ ‘ਤੇ ਲੁੱਟ, ਕੁੱਟਮਾਰ ਅਤੇ ਪੁਲਿਸ ਡਿਊਟੀ ਵਿੱਚ ਰੁਕਾਵਟ ਪਾਉਣ ਦੇ ਮਾਮਲੇ ਸ਼ਾਮਲ ਹਨ।
15 ਬੋਤਲ ਨਾਜਾਇਜ਼ ਸ਼ਰਾਬ ਸਮੇਤ ਇੱਕ ਕਾਬੂ
ਥਾਣਾ ਸ਼ਹਿਰ ਟੋਹਾਣਾ ਦੇ ਮੁਖੀ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਰੋਡ ਪੁਲਿਸ ਚੌਕੀ ਦੀ ਟੀਮ ਰਾਤ ਸਮੇਂ ਗਸ਼ਤ ਕਰ ਰਹੀ ਸੀ। ਇਸ ਦੌਰਾਨ ਨਹਿਰ ਕਾਲੋਨੀ ਗੇਟ ਨੇੜੇ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ਸਵਾਰ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਸ਼ੱਕ ਦੇ ਆਧਾਰ ‘ਤੇ ਉਸ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 15 ਬੋਤਲ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਰਾਜਿੰਦਰ ਪੁੱਤਰ ਰਾਮੇਸ਼ਵਰ ਵਾਸੀ ਪਿੰਡ ਕਨ੍ਹੜੀ ਵਜੋਂ ਹੋਈ। ਪੁਲਿਸ ਨੇ ਸ਼ਰਾਬ ਅਤੇ ਮੋਟਰਸਾਈਕਲ ਜ਼ਬਤ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਸ਼ਰਾਬ ਠੇਕੇ ‘ਤੇ ਲੁੱਟ ਮਾਮਲੇ ਦਾ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ
ਥਾਣਾ ਸਦਰ ਟੋਹਾਣਾ ਪੁਲਿਸ ਨੇ ਪਿੰਡ ਰੂਪਾਵਾਲੀ ਸਥਿਤ ਸ਼ਰਾਬ ਦੇ ਠੇਕੇ ‘ਤੇ ਹਥਿਆਰਾਂ ਦੀ ਨੋਕ ‘ਤੇ ਲੁੱਟ ਕਰਨ ਦੇ ਮਾਮਲੇ ਵਿੱਚ ਇੱਕ ਹੋਰ ਸਹਿ-ਮੁਲਜ਼ਮ ਵਿਜੈ ਕੁਮਾਰ ਸ਼ਰਮਾ ਉਰਫ਼ ਚਾਂਦੀ ਪੁੱਤਰ ਲਕਸ਼ਮਣ ਉਰਫ਼ ਲੱਛਾ ਰਾਮ ਵਾਸੀ ਪਿੰਡ ਕੁਲਰੀਆ, ਜ਼ਿਲ੍ਹਾ ਮਾਨਸਾ (ਪੰਜਾਬ) ਨੂੰ ਕਾਬੂ ਕੀਤਾ ਹੈ। ਥਾਣਾ ਸਦਰ ਟੋਹਾਣਾ ਦੇ ਮੁਖੀ ਇੰਸਪੈਕਟਰ ਸਾਧੂ ਰਾਮ ਨੇ ਦੱਸਿਆ ਕਿ ਪਿੰਡ ਧਾਰਸੂਲ ਕਲਾਂ ਦੇ ਵਾਸੀ ਰਘੁਬੀਰ ਸਿੰਘ ਦੀ ਸ਼ਿਕਾਇਤ ‘ਤੇ ਦਰਜ ਮਾਮਲੇ ਦੀ ਜਾਂਚ ਦੌਰਾਨ ਪਹਿਲਾਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਕੀਤੀ ਪੁੱਛਗਿੱਛ ਅਤੇ ਇਕੱਠੇ ਕੀਤੇ ਸਬੂਤਾਂ ਦੇ ਆਧਾਰ ‘ਤੇ ਦੂਜੇ ਸਹਿ-ਮੁਲਜ਼ਮ ਵਿਜੈ ਕੁਮਾਰ ਸ਼ਰਮਾ ਉਰਫ਼ ਚਾਂਦੀ ਨੂੰ ਵੀ ਕਾਬੂ ਕਰ ਲਿਆ ਗਿਆ। ਪੁਲਿਸ ਅਨੁਸਾਰ 2 ਜੁਲਾਈ 2026 ਦੀ ਰਾਤ ਤਿੰਨ ਮੁਲਜ਼ਮਾਂ ਨੇ ਸ਼ਰਾਬ ਠੇਕੇ ‘ਤੇ ਮੌਜੂਦ ਸੇਲਜ਼ਮੈਨ ਨੂੰ ਹਥਿਆਰਾਂ ਦੇ ਜ਼ੋਰ ‘ਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ 14 ਤੋਂ 15 ਹਜ਼ਾਰ ਰੁਪਏ ਦੀ ਨਕਦੀ ਅਤੇ ਇੱਕ ਪੇਟੀ ਦੇਸੀ ਸ਼ਰਾਬ ਲੁੱਟ ਲਈ ਸੀ। ਮਾਮਲੇ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਭਾਲ ਅਤੇ ਜਾਂਚ ਜਾਰੀ ਹੈ।
ਕੁੱਟਮਾਰ ਮਾਮਲੇ ਦਾ ਪੰਜਵਾਂ ਮੁਲਜ਼ਮ ਵੀ ਕਾਬੂ
ਇੱਕ ਹੋਰ ਕਾਰਵਾਈ ਵਿੱਚ ਟੋਹਾਣਾ ਸ਼ਹਿਰ ਪੁਲਿਸ ਨੇ ਕੁੱਟਮਾਰ ਦੇ ਮਾਮਲੇ ਵਿੱਚ ਬੁੱਧ ਰਾਮ ਉਰਫ਼ ਬੁੱਧੂ ਪੁੱਤਰ ਸ਼ਿਆਮ ਲਾਲ ਵਾਸੀ ਪਿੰਡ ਫਰਲ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਪਹਿਲਾਂ ਹੀ ਚਾਰ ਮੁਲਜ਼ਮਾਂ ਨੂੰ ਪੁਲਿਸ ਕਾਬੂ ਕਰ ਚੁੱਕੀ ਹੈ। ਪੁਲਿਸ ਮੁਤਾਬਕ 14 ਜੂਨ ਨੂੰ ਭੂਨਾ ਰੋਡ ‘ਤੇ ਮੋਟਰਸਾਈਕਲ ਮੁਰੰਮਤ ਦੀ ਦੁਕਾਨ ‘ਤੇ ਕੰਮ ਕਰ ਰਹੇ ਆਸ਼ੂ ‘ਤੇ ਲੱਕੜ ਦੇ ਡੰਡਿਆਂ ਨਾਲ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਜਾਂਚ ਦੌਰਾਨ ਬੁੱਧ ਰਾਮ ਦੀ ਸ਼ਮੂਲੀਅਤ ਸਾਹਮਣੇ ਆਉਣ ‘ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਡਿਊਟੀ ਵਿੱਚ ਰੁਕਾਵਟ ਪਾਉਣ ਵਾਲੇ ਦੋ ਮੁਲਜ਼ਮ ਵੀ ਗ੍ਰਿਫ਼ਤਾਰ
ਥਾਣਾ ਸ਼ਹਿਰ ਟੋਹਾਣਾ ਪੁਲਿਸ ਨੇ ਪੁਲਿਸ ਨਾਕੇ ‘ਤੇ ਡਿਊਟੀ ਕਰ ਰਹੇ ਹੋਮਗਾਰਡ ਜਵਾਨ ਨੂੰ ਗੱਡੀ ਨਾਲ ਟੱਕਰ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਰਾਹੁਲ ਉਰਫ਼ ਰਾਠਾ ਅਤੇ ਸਿਕੰਦਰ ਨੂੰ ਵੀ ਕਾਬੂ ਕੀਤਾ ਹੈ।ਪੁਲਿਸ ਅਨੁਸਾਰ 5 ਜੁਲਾਈ ਨੂੰ ਚੰਡੀਗੜ੍ਹ ਰੋਡ ਸਥਿਤ ਨਾਕੇ ‘ਤੇ ਇੱਕ ਸ਼ੱਕੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਕਾਰ ਚਾਲਕ ਨੇ ਬੈਰੀਕੇਡ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਹੋਮਗਾਰਡ ਜਵਾਨ ਅੰਗਰੇਜ਼ ਸਿੰਘ ਜ਼ਖ਼ਮੀ ਹੋ ਗਿਆ ਸੀ। ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਚਾਰੇ ਮਾਮਲਿਆਂ ਦੀ ਜਾਂਚ ਜਾਰੀ ਹੈ ਅਤੇ ਜਿਨ੍ਹਾਂ ਮਾਮਲਿਆਂ ਵਿੱਚ ਹੋਰ ਮੁਲਜ਼ਮਾਂ ਦੀ ਭੂਮਿਕਾ ਸਾਹਮਣੇ ਆ ਰਹੀ ਹੈ, ਉਨ੍ਹਾਂ ਖ਼ਿਲਾਫ਼ ਵੀ ਜਲਦ ਕਾਰਵਾਈ ਕੀਤੀ ਜਾਵੇਗੀ।
ਟੋਹਾਣਾ ਪੁਲਿਸ ਦੀਆਂ ਚਾਰ ਵੱਡੀਆਂ ਕਾਰਵਾਈਆਂ: ਨਾਜਾਇਜ਼ ਸ਼ਰਾਬ ਸਮੇਤ ਇੱਕ ਕਾਬੂ, ਸ਼ਰਾਬ ਠੇਕੇ ਲੁੱਟ ਕਾਂਡ ਦਾ ਹੋਰ ਮੁਲਜ਼ਮ ਗ੍ਰਿਫ਼ਤਾਰ
ਅਜੀਤ ਡੈਸਕ
22-07-2026