ਸਿਰਸਾ, 21 ਜੁਲਾਈ (ਭੁਪਿੰਦਰ ਪੰਨੀਵਾਲੀਆ)- ਦਿੱਲੀ ਦੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਨੌਜਵਾਨਾਂ ’ਤੇ ਦਿੱਲੀ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਵੱਖ-ਵੱਖ ਜਥੇਬੰਦੀਆਂ ਨੇ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਸਰਪਰਸਤ ਕਾਮਰੇਡ ਸੁਵਰਨ ਸਿੰਘ ਵਿਰਕ ਨੇ ਦਿੱਲੀ ਪੁਲਿਸ ਵੱਲੋਂ ਪੇਪਰ ਲੀਕ ਤੇ ਨੀਟ ਦੀਆਂ ਪ੍ਰੀਖਿਆਵਾਂ ਵਿੱਚ ਧਾਂਧਲੀ ਦੇ ਵਿਰੋਧ ’ਚ ਜੰਤਰ ਮੰਤਰ ਤੋਂ ਸੰਸਦ ਭਵਨ ਤੱਕ ਪ੍ਰਦਰਸ਼ਨ ਕਰਨ ਵਾਲੇ ਦੇਸ਼ ਭਰ ਤੋਂ ਜੁੜੇ ਨੌਜਵਾਨ ਤੇ ਵਿਦਿਆਰਥੀਆਂ ’ਤੇ ਲਾਠੀਚਾਰਜ ਕਰਨ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਕਿਹਾ ਕਿ ਅੰਦੋਲਨਕਾਰੀਆਂ ਦੀਆਂ ਮੰਗਾਂ ਤੁਰੰਤ ਕੇਂਦਰ ਸਰਕਾਰ ਪੂਰੀਆਂ ਕਰੇ। ਉਨ੍ਹਾਂ ਨੇ ਕਿਹਾ ਕਿ ਦਰਅਸਲ ਕੇਂਦਰ ਦੀ ਮੋਦੀ ਸਰਕਾਰ ਦੇ ਕੋਲ ਦੇਸ਼ ਦੇ ਵਿਕਾਸ ਲਈ ਕੋਈ ਯੋਜਨਾ ਨਹੀਂ ਬਚੀ ਹੈ ਅਤੇ ਉਹ ਆਪਣੀ ਬੁਖਲਾਹਟ ਤੋਂ ਬਾਹਰ ਨਿਕਲਣ ਲਈ ਦਮਨ ਦਾ ਸਹਾਰਾ ਲੈ ਰਹੀ ਹੈ। ਸਰਕਾਰ ਦੇਸ਼ ਵਿੱਚ ਨੌਜਵਾਨਾਂ ਨੂੰ ਸਸਤੀ ਦਰਾਂ ’ਤੇ ਮਿਆਰੀ ਸਿੱਖਿਆ ਤੇ ਉਨ੍ਹਾਂ ਨੂੰ ਰੁਜ਼ਗਾਰ ਦਿਵਾਉਣ ਵਿੱਚ ਅਸਫਲ ਰਹੀ ਹੈ। ਇਸ ਲਈ ਉਹ ਸਾਰੀਆਂ ਲੋਕਤਾਂਤਰਿਕ ਕਦਰਾ ਕੀਮਤਾਂ ਨੂੰ ਭੁਲ ਕੇ ਕਰੂਰ ਦਮਨ ਹਿੰਸਾ ਦਾ ਸਹਾਰਾ ਲੈ ਰਹੀ ਹੈ। ਦੇਸ਼ ਦੇ ਮਜ਼ਦੂਰ ਕਿਸਾਨ ਪਹਿਲਾਂ ਸਰਕਾਰ ਦੀਆਂ ਜਨ ਵਿਰੋਧ ਨਤੀਆਂ ਖ਼ਿਲਾਫ਼ ਅੰਦੋਲਨ ਕਰ ਰਹੇ ਹਨ ਤੇ ਹੁਣ ਨੌਜਵਾਨ ਤੇ ਵਿਦਿਆਰਥੀ ਵੀ ਉਸੇ ਰਾਹ ਪੈ ਗਏ ਹਨ। ਦੂਜੇ ਪਾਸੇ ਜਨਨਾਇਕ ਜਨਤਾ ਪਾਰਟੀ ਨੇ ਵੀ ਜੰਤਰ-ਮੰਤਰ ’ਤੇ ਪ੍ਰਦਰਸ਼ਨਕਾਰੀ ਨੌਜਵਾਨਾਂ ਤੇ ਵਿਦਿਆਰਥੀਆਂ ’ਤੇ ਕੀਤੇ ਗਏ ਲਾਠੀਚਾਰਜ ਦੀ ਕਰੜੇ ਸ਼ਬਦਾਂ ’ਚ ਨਿੰਦਾ ਕੀਤੀ ਹੈ। ਇਸੇ ਤਰ੍ਹਾਂ ਕਾਂਗਰਸ ਨੇ ਵੀ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਦੀ ਨਿੰਦਾ ਕੀਤੀ ਹੈ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ।
ਜੰਤਰ -ਮੰਤਰ ’ਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਅਤੇ ਨੌਜਵਾਨਾਂ ’ਤੇ ਲਾਠੀਚਾਰਜ ਦੀ ਵੱਖ-ਵੱਖ ਜਥੇੰਬਦੀਆਂ ਵਲੋਂ ਨਿੰਦਾ
ਅਜੀਤ ਡੈਸਕ
22-07-2026