ਨਵੀਂ ਦਿੱਲੀ, 21 ਜੁਲਾਈ (ਜਗਤਾਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਲਈ ਕਰਨਾਟਕ, ਗੋਆ ਤੇ ਗੁਜਰਾਤ ਦੇ ਆਨਰੇਰੀ ਇੰਚਾਰਜ ਰਾਮ ਸਿੰਘ ‘ਬੰਬੇ’ (ਮੁਖੀ ਯੂਨਾਈਟਿਡ ਸਿੰਘ ਸਭਾ ਫਾਊਂਡੇਸ਼ਨ)ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿੱਖ ਸੰਗਤਾਂ ਤੇ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਕਰਤਾਰਪੁਰ ਸਾਹਿਬ ਲਾਂਘਾ ਤੁਰੰਤ ਖੋਲ੍ਹਿਆ ਜਾਵੇ । ਉਨ੍ਹਾਂ ਕਿਹਾ ਦੇਸ਼ ਦੀ ਵੰਡ ਤੋਂ ਲੈ ਕੇ ਅੱਜ ਤੀਕ ਸੰਗਤਾਂ ਇਸ ਲਾਂਘੇ ਲਈ ਅਰਦਾਸਾਂ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 7 ਮਈ 2025 ਨੂੰ ਤਣਾਅ ਪੂਰਨ ਮਾਹੌਲ ਅਤੇ ਆਪ੍ਰੇਸ਼ਨ ਸੰਧੂਰ ਦੀ ਕਾਰਵਾਈ ਸਮੇਂ ਗੁ: ਕਰਤਾਰਪੁਰ ਸਾਹਿਬ ਦਾ ਇਹ ਲਾਂਘਾ ਬੰਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਵੇਲੇ ਮਾਹੌਲ ਬਿਲਕੁਲ ਸ਼ਾਂਤ ਹੈ, ਇਸ ਲਈ ਸਰਕਾਰ ਨੂੰ ਬਗੈਰ ਦੇਰੀ ਕੀਤੇ, ਪਿਛਲੇ 1 ਸਾਲ ਤੋਂ ਬੰਦ ਕੀਤੇ ਗਏ ਇਸ ਲਾਂਘੇ ਨੂੰ ਤੁਰੰਤ ਖੋਲ੍ਹਣ ਲਈ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ । ਰਾਮ ਸਿੰਘ ਬੰਬੇ ਨੇ ਦੱਸਿਆ ਕਿ ਸਿੱਖਾਂ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਪੀ.ਐੱਮ.ਮੋਦੀ ਨੂੰ ਚਿੱਠੀ ਲਿਖ ਕੇ ਇਹ ਲਾਂਘਾ ਤੁਰੰਤ ਖੋਲ੍ਹਣ ਦੀ ਅਪੀਲ ਕੀਤੀ ਜਾ ਚੁੱਕੀ ਹੈ ।
ਧਾਰਮਿਕ ਭਾਵਨਾਵਾਂ ਦੇ ਮੱਦੇਨਜ਼ਰ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਗੰਭੀਰਤਾ ਨਾਲ ਵਿਚਾਰ ਕਰੇ ਕੇਂਦਰ ਸਰਕਾਰ-ਰਾਮ ਸਿੰਘ ‘ਬੰਬੇ’
ਅਜੀਤ ਡੈਸਕ
22-07-2026