ਨਵੀਂ ਦਿੱਲੀ, 21 ਜੁਲਾਈ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਵੱਲੋਂ ਸੱਦੀ ਗਈ ਦਲ ਦੀ ਬੈਠਕ ਦੌਰਾਨ ਕਈ ਪੰਥਕ ਮੁੱਦਿਆਂ ’ਤੇ ਚਰਚਾ ਕੀਤੀ ਗਈ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਦਲ ਦੇ ਮੁਖੀ ਜਸਵਿੰਦਰ ਸਿੰਘ ਮਲਸੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ੀ ਦੌਰੇ ’ਤੇ ਗਏ ਸਨ ਤਾਂ ਉੱਥੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ ਮੋਦੀ ਨੇ ਸਿੱਖ ਭਾਈਚਾਰੇ ਅਤੇ ਗੁਰਧਾਮਾਂ ਵੱਲੋਂ ਨਿਭਾਈ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਸੀ । ਮਲਸੀਆਂ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਪੀ.ਐੱਮ. ਮੋਦੀ ਅਕਸਰ ਹੀ ਸਿੱਖ ਭਾਈਚਾਰੇ ਨਾਲ ਖ਼ਾਸ ਨੇੜਤਾ ਰੱਖਦੇ ਹਨ ਅਤੇ ਕਈ ਮੌਕਿਆਂ ’ਤੇ ਇਸ ਨੇੜਤਾ ਨੂੰ ਮਹਿਸੂਸ ਵੀ ਕਰਾਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਦਲ ਦੀ ਮੀਟਿੰਗ ਵਿਚ ਪੀ.ਐੱਮ. ਮੋਦੀ ਨੂੰ ਅਪੀਲ ਕੀਤੀ ਗਈ ਹੈ ਕਿ ਸਜ਼ਾ ਪੂਰੀਆਂ ਕਰ ਚੁੱਕੇ ਬੰਦੀ ਸਿੰਘਾ ਦੀ ਰਿਹਾਈ ਲਈ ਸਿੱਖ ਕੌਮ ਕਾਫ਼ੀ ਸਮੇਂ ਤੋਂ ਉਡੀਕ ਕਰ ਰਹੀ ਹੈ ਪਰ ਉਨ੍ਹਾਂ ਦੀ ਰਿਹਾਈ ਸੰਭਵ ਨਹੀਂ ਹੋ ਰਹੀ । ਉਨ੍ਹਾਂ ਪੀ.ਐੱਮ. ਮੋਦੀ ਨੂੰ ਅਪੀਲ ਕੀਤੀ ਕਿ ਸਿੱਖੀ ਭਾਵਨਾਵਾਂ ਦੇ ਮੱਦੇਨਜ਼ਰ ਬੰਦੀ ਸਿੰਘਾ ਦੀ ਰਿਹਾਈ ਦਾ ਰਾਹ ਫ਼ੌਰਨ ਪੱਧਰਾ ਕੀਤਾ ਜਾਵੇ । ਇਸ ਨਾਲ ਸਿੱਖਾਂ ਨੂੰ ਪੀ.ਐੱਮ. ਮੋਦੀ ’ਤੇ ਮਾਣ ਮਹਿਸੂਸ ਹੋਵੇਗਾ ਅਤੇ ਉਨ੍ਹਾਂ ਦੀ ਸਿੱਖ ਭਾਈਚਾਰੇ ਨਾਲ ਹੋਰ ਨੇੜਤਾ ਹੋ ਜਾਵੇਗੀ ।
ਪੀਐਮ ਮੋਦੀ ਨੂੰ, ਬੰਦੀ ਸਿੰਘਾਂ ਦੀ ਰਿਹਾਈ ਦਾ ਰਾਹ ਪੱਧਰਾ ਕਰਨ ਦੀ ਅਪੀਲ-ਮਲਸੀਆਂ
ਅਜੀਤ ਡੈਸਕ
22-07-2026