ਟੋਹਾਣਾ, 26 ਜੁਲਾਈ (ਮਨਜੀਤ ਸਿੰਘ) – ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ (ਰਜਿ.) ਦੀ ਇੱਕ ਅਹਿਮ ਬੈਠਕ ਟੋਹਾਣਾ ਦੇ ਸੰਜੀਵਨੀ ਹਸਪਤਾਲ ਵਿਖੇ ਹੋਈ, ਜਿਸ ਵਿੱਚ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਭਾਟੀਆ ਧਰਮਸ਼ਾਲਾ ਵਿਖੇ ਲਗਾਏ ਜਾ ਰਹੇ 16ਵੇਂ ਵਿਸ਼ਾਲ ਖੂਨਦਾਨ ਕੈਂਪ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ।ਇਹ ਬੈਠਕ ਟਰੱਸਟ ਦੀ ਜ਼ਿਲ੍ਹਾ ਕਾਰਜਕਾਰਨੀ ਦੇ ਪ੍ਰਧਾਨ ਡਾ. ਜਗਮੋਹਨ ਅਰੋੜਾ, ਉਪ ਪ੍ਰਧਾਨ ਡਾ. ਮਹਾਂਵੀਰ ਧਾਰਸੂਲ, ਡਾ. ਸੰਦੀਪ ਖਾਨ, ਡਾ. ਭਰਤ ਸਿੰਘ ਮੰਘੇੜਾ ਅਤੇ ਡਾ. ਸੰਜੀਵ ਭਾਟੀਆ ਲਲੋਦਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਟਰੱਸਟ ਦੇ ਸਰਪ੍ਰਸਤ ਡਾ. ਦਿਲਬਾਗ ਸਿੰਘ ਦੀਵਾਨਾ, ਸੂਬਾ ਪ੍ਰਧਾਨ ਡਾ. ਅਜਾਇਬ ਸਿੰਘ ਫਤਹਿਪੁਰੀ, ਸੂਬਾ ਉਪ ਪ੍ਰਧਾਨ ਡਾ. ਬਲਵਾਨ ਸੈਣੀ ਅਤੇ ਟੋਹਾਣਾ ਬਲਾਕ ਪ੍ਰਧਾਨ ਡਾ. ਗੁਰਦੀਪ ਸਿੰਘ ਢਿੱਲੋਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।ਬੈਠਕ ਦੌਰਾਨ ਜ਼ਿਲ੍ਹਾ ਪ੍ਰਧਾਨ ਡਾ. ਜਗਮੋਹਨ ਅਰੋੜਾ ਨੇ ਟਰੱਸਟ ਦੇ ਵੱਖ-ਵੱਖ ਜ਼ੋਨ ਪ੍ਰਭਾਰੀਆਂ ਤੋਂ ਸੰਭਾਵਿਤ ਖੂਨਦਾਨੀਆਂ ਦੀਆਂ ਸੂਚੀਆਂ ਇਕੱਠੀਆਂ ਕੀਤੀਆਂ ਅਤੇ ਕੈਂਪ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਪ੍ਰਦੇਸ਼, ਜ਼ਿਲ੍ਹਾ, ਬਲਾਕ ਅਤੇ ਸ਼ਹਿਰੀ ਇਕਾਈਆਂ ਦੇ ਮੈਂਬਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਤਾਂ ਜੋ ਕੈਂਪ ਦਾ ਹਰ ਪ੍ਰਬੰਧ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਇਆ ਜਾ ਸਕੇ।ਬੈਠਕ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਮਨੁੱਖੀ ਸੇਵਾ ਦਾ ਕਾਰਜ ਹੈ ਅਤੇ ਇੱਕ ਯੂਨਿਟ ਖੂਨ ਕਿਸੇ ਲੋੜਵੰਦ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ। ਉਨ੍ਹਾਂ ਸਮੂਹ ਸਮਾਜ ਸੇਵੀ ਸੰਸਥਾਵਾਂ, ਨੌਜਵਾਨਾਂ, ਮਹਿਲਾਵਾਂ ਅਤੇ ਸਿਹਤ ਕਰਮਚਾਰੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਖੂਨਦਾਨ ਕਰਕੇ ਇਸ ਪੁੰਨ ਦੇ ਕਾਰਜ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਬੈਠਕ ਵਿੱਚ ਟਰੱਸਟ ਦੇ ਪ੍ਰਦੇਸ਼ ਪ੍ਰੈਸ ਪ੍ਰਵਕਤਾ ਡਾ. ਰਘਬੀਰ ਜਾਂਗੜਾ, ਡਾ. ਮਨਜੀਤ ਸਿੰਘ ਟੋਹਾਣਾ, ਉਕਲਾਣਾ ਬਲਾਕ ਪ੍ਰਧਾਨ ਡਾ. ਜੋਰਾ ਸਿੰਘ ਸਮੈਣ, ਬਲਾਕ ਸਕੱਤਰ ਡਾ. ਰਮਨਦੀਪ ਸਿੰਘ ਢੇਰ, ਡਾ. ਸੁਰਿੰਦਰ ਅੱਕਾਂਵਾਲੀ, ਡਾ. ਜਗਤ ਰਾਮ ਨੜੈਲ, ਡਾ. ਜਗਸੀਰ ਅਮਾਨੀ, ਡਾ. ਜੋਗਿੰਦਰ ਸਿੰਘ ਧਾਰਸੂਲ ਅਤੇ ਡਾ. ਸੁਰਜੀਤ ਫਤਹਿਪੁਰੀ ਵੀ ਹਾਜ਼ਰ ਸਨ। ਅੰਤ ਵਿੱਚ ਹਾਜ਼ਰ ਆਗੂਆਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖੂਨਦਾਨ ਕੈਂਪ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲੇਗਾ ਅਤੇ ਵੱਡੀ ਗਿਣਤੀ ਵਿੱਚ ਖੂਨਦਾਨੀ ਪਹੁੰਚ ਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣਗੇ।