ਡੱਬਵਾਲੀ ’ਚ ਤੇਜ਼ ਮੀਂਹ ਨੇ ਖੋਲ੍ਹੀ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ, ਸ਼ਹਿਰ ’ਚ ਜਲਥਲ -ਪਾਣੀ ਭਰਨ ਕਾਰਨ ਰੇਲਵੇ ਅੰਡਰਬ੍ਰਿਜ ਬੰਦ
ਡੱਬਵਾਲੀ, 11 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਤੇਜ਼ ਮੀਂਹ ਨੇ ਅੱਜ ਡੱਬਵਾਲੀ ਵਿੱਚ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਸ਼ਹਿਰ ਦੇ ਵਿਚਕਾਰ ਸਥਿਤ ਰੇਲਵੇ ਅੰਡਰਬ੍ਰਿਜ ਵਿੱਚ ਪਾਣੀ ਭਰਨ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ।
ਡੱਬਵਾਲੀ, 11 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਤੇਜ਼ ਮੀਂਹ ਨੇ ਅੱਜ ਡੱਬਵਾਲੀ ਵਿੱਚ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਸ਼ਹਿਰ ਦੇ ਵਿਚਕਾਰ ਸਥਿਤ ਰੇਲਵੇ ਅੰਡਰਬ੍ਰਿਜ ਵਿੱਚ ਪਾਣੀ ਭਰਨ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ। ਸਾਵਧਾਨੀ ਵਜੋਂ ਇਸ ਨੂੰ ਬੰਦ ਕਰਵਾਉਣਾ ਪਿਆ। ਕਰੋੜਾਂ ਰੁਪਏ ਦੇ ਬਜਟ ਵਾਲੀ ਨਗਰ ਕੌਂਸਲ ਅੱਜ ਤੱਕ ਅੰਡਰਬ੍ਰਿਜ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਨਹੀਂ ਕਰ ਸਕੀ। ਹਰ ਵਾਰ ਮੀਂਹ ਪੈਣ ‘ਤੇ ਇਸ ਨੂੰ ਆਰਜ਼ੀ ਤੌਰ ‘ਤੇ ਬੰਦ ਕਰਵਾ ਕੇ ਜ਼ਿੰਮੇਵਾਰੀ ਨਿਭਾਉਣ ਦੀ ਰਸਮ ਪੂਰੀ ਕਰ ਲਈ ਜਾਂਦੀ ਹੈ। ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਉਸਾਰੀ ਅਧੀਨ ਮੁੱਖ ਬਾਜ਼ਾਰ, ਬੱਸ ਸਟੈਂਡ ਰੋਡ, ਸਿਲਵਰ ਜੁਬਲੀ ਚੌਕ, ਮਲੋਟ ਰੋਡ, ਕਾਲੋਨੀ ਰੋਡ ਤੇ ਇੰਪਰੂਵਮੈਂਟ ਟਰੱਸਟ ਪਾਰਕ ਕਾਲੋਨੀ ਸਮੇਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਣੀ ਭਰ ਗਿਆ। ਕਈ ਦੁਕਾਨਾਂ ਅਤੇ ਘਰਾਂ ਵਿੱਚ ਵੀ ਪਾਣੀ ਦਾਖ਼ਲ ਹੋ ਗਿਆ। ਰਾਮਲੀਲਾ ਮੈਦਾਨ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਰਾਮਲੀਲਾ ਦੀ ਸਟੇਜ ਨੂੰ ਵੀ ਨੁਕਸਾਨ ਪੁੱਜਿਆ। ਵਾਰਡ ਨੰਬਰ 15 ਵਿੱਚ ਸਵਾਮੀ ਦਇਆਨੰਦ ਸਕੂਲ ਨੇੜੇ ਹਾਲ ਹੀ ਵਿੱਚ ਲਗਾਏ ਗਏ ਬਿਜਲੀ ਦੇ ਖੰਭੇ ਹੇਠੋਂ ਮਿੱਟੀ ਖਿਸਕਣ ਕਾਰਨ ਨਾਲ ਲੱਗਦੇ ਮਕਾਨ ਦੀ ਨੀਂਹ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਸੇ ਵਾਰਡ ਦੀ ਇੰਪਰੂਵਮੈਂਟ ਟਰੱਸਟ ਕਾਲੋਨੀ ਦੇ ਪਾਰਕ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਜ਼ਮੀਨਦੋਜ਼ ਬਰਸਾਤੀ ਪਾਣੀ ਦੀ ਨਿਕਾਸੀ ਦਾ ਸਿਸਟਮ ਵੀ ਮੀਂਹ ਦੌਰਾਨ ਲਗਭਗ ਨਾਕਾਮ ਸਾਬਤ ਹੋਇਆ। ਲੋਕਾਂ ਦਾ ਦੋਸ਼ ਹੈ ਕਿ ਡੱਬਵਾਲੀ ਵਿੱਚ ਸਮੁੱਚੇ ਪ੍ਰਸ਼ਾਸਨ ਦਾ ਧਿਆਨ ਨਵੇਂ ਠੇਕਿਆਂ ਤੇ ਟੈਂਡਰਾਂ ਤੱਕ ਸੀਮਤ ਹੈ। ਉਸਾਰੀ ਕਾਰਜਾਂ ਦੀ ਗੁਣਵੱਤਾ ਤੇ ਉਨ੍ਹਾਂ ਦੇ ਸੁਚੱਜੇਪਨ ਦੀ ਜਾਂਚ-ਪਰਖ ਦੇ ਫਰਜ਼ ਨਿਭਾਉਣ ਲਈ ਅਧਿਕਾਰੀਆਂ ਕੋਲ ਸਮਾਂ ਨਹੀਂ ਹੈ। ਹਰ ਵਾਰ ਮੀਂਹ ਦੌਰਾਨ ਦਰਪੇਸ਼ ਸਮੱਸਿਆਵਾਂ ਪੱਕੇ ਹੱਲ ਦੀ ਘਾਟ ‘ਤੇ ਸਵਾਲ ਖੜ੍ਹੇ ਕਰ ਰਹੀਆਂ ਹਨ।