ਐੱਸ. ਏ. ਐੱਸ. ਨਗਰ, 18 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਸੀ.ਜੀ.ਸੀ. ਲਾਂਡਰਾਂ ਦੇ ਐੱਨ.ਸੀ.ਸੀ. ਕੈਡਿਟ ਅਤੇ ਬੀ. ਟੈੱਕ ਸੀ. ਐੱਸ. ਈ. ਦੇ ਵਿਦਿਆਰਥੀ ਸੀਨੀਅਰ ਅੰਡਰ ਅਫ਼ਸਰ (ਐੱਸ. ਯੂ. ਓ.) ਅਨੁਭਵ ਨੂੰ ਰੂਸ ‘ਚ 12 ਤੋਂ 19 ਅਕਤੂਬਰ ਤੱਕ ਹੋਣ ਵਾਲੇ ਵਕਾਰੀ ਐਨ. ਸੀ. ਸੀ. ਯੂਥ ਐਕਸਚੇਂਜ ਪ੍ਰੋਗਰਾਮ (ਵਾਈ. ਈ. ਪੀ.)-2026 ‘ਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ। ਇਹ ਪ੍ਰੋਗਰਾਮ ਚੁਣੇ ਹੋਏ ਐਨ. ਸੀ. ਸੀ. ਕੈਡਿਟਾਂ ਨੂੰ ਸੱਭਿਆਚਾਰਕ ਆਦਾਨ-ਪ੍ਰਦਾਨ ‘ਚ ਹਿੱਸਾ ਲੈਣ ਅਤੇ ਨੌਜਵਾਨਾਂ ‘ਚ ਲੀਡਰਸ਼ਿਪ, ਅਨੁਸ਼ਾਸਨ, ਆਪਸੀ ਸਤਿਕਾਰ, ਰਾਸ਼ਟਰੀ ਏਕਤਾ, ਦੋਸਤੀ ਅਤੇ ਅੰਤਰਰਾਸ਼ਟਰੀ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਇਕ ਅੰਤਰਰਾਸ਼ਟਰੀ ਮੰਚ ਪ੍ਰਦਾਨ ਕਰਦਾ ਹੈ। ਅਨੁਭਵ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਤੋਂ ਵਾਈ. ਈ. ਪੀ. 2026 ਲਈ ਚੁਣਿਆ ਗਿਆ ਇਕਲੌਤਾ ਪੁਰਸ਼ ਕੈਡਿਟ ਹੈ। ਰੂਸ ਲਈ ਰਵਾਨਾ ਹੋਣ ਤੋਂ ਪਹਿਲਾਂ ਅਨੁਭਵ ਨੇ ਪ੍ਰੋਗਰਾਮ ਦੀ ਤਿਆਰੀ ਲਈ ਡਾਇਰੈਕਟੋਰੇਟ ਜਨਰਲ ਐਨ. ਸੀ. ਸੀ. (ਡੀ. ਜੀ. ਐਨ. ਸੀ. ਸੀ.) ਨਵੀਂ ਦਿੱਲੀ ਵਿਖੇ ਸਿਖਲਾਈ ਅਤੇ ਓਰੀਐਂਟੇਸ਼ਨ ਪ੍ਰਾਪਤ ਕੀਤੀ। ਉਸ ਦੀ ਇਹ ਚੋਣ ਨਵੀਂ ਦਿੱਲੀ ‘ਚ ਰਾਸ਼ਟਰੀ ਗਣਤੰਤਰ ਦਿਵਸ ਕੈਂਪ (ਆਰ. ਡੀ. ਸੀ.)-2026 ‘ਚ ਉਸ ਦੇ ਭਾਗ ਲੈਣ ਤੋਂ ਬਾਅਦ ਹੋਈ ਹੈ। ਇਸ ਕੈਂਪ ਦੌਰਾਨ ਉਸ ਨੇ ਗਣਤੰਤਰ ਦਿਵਸ ਮੌਕੇ ਐਨ. ਸੀ. ਸੀ. ਦਸਤੇ ਦੇ ਹਿੱਸੇ ਵਜੋਂ ਕਰਤੱਵਯ ਪੱਥ ‘ਤੇ ਮਾਰਚ ਕਰਦਿਆਂ ਰਾਸ਼ਟਰੀ ਪੱਧਰ ‘ਤੇ ਸੀ. ਜੀ. ਸੀ. ਲਾਂਡਰਾਂ ਦੀ ਨੁਮਾਇੰਦਗੀ ਕੀਤੀ ਸੀ। ਰਾਸ਼ਟਰੀ ਆਰ. ਡੀ. ਸੀ. ਤੋਂ ਇਕ ਅੰਤਰਰਾਸ਼ਟਰੀ ਯੁਵਾ ਐਕਸਚੇਂਜ ਪ੍ਰੋਗਰਾਮ ਤੱਕ ਦਾ ਉਸ ਦਾ ਸਫ਼ਰ ਐਨ. ਸੀ. ਸੀ. ਦੀਆਂ ਗਤੀਵਿਧੀਆਂ ਪ੍ਰਤੀ ਉਸ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ਐੱਸ. ਯੂ. ਓ. ਅਨੁਭਵ ਨੇ ਇਸ ਪ੍ਰਾਪਤੀ ਬਦਲੇ ਸੰਸਥਾ, ਫੈਕਲਟੀ ਮੈਂਬਰਾਂ ਅਤੇ ਸੀ. ਜੀ. ਸੀ. ਲਾਂਡਰਾਂ ਵਿਖੇ ਐੱਨ. ਸੀ. ਸੀ. ਵਿਭਾਗ ਦੇ ਮੁਖੀ ਲੈਫ਼. (ਡਾ) ਸੰਤੋਸ਼ ਕੁਮਾਰ ਦੇ ਮਾਰਗਦਰਸ਼ਨ ਅਤੇ ਸਮਰਥਨ ਲਈ ਉਚੇਚੇ ਤੌਰ ‘ਤੇ ਧੰਨਵਾਦ ਕੀਤਾ।