ਜਲੰਧਰ, 2 ਜਨਵਰੀ (ਚੰਦੀਪ ਭੱਲਾ)- ਬੀਤੇ ਕੁੱਝ ਦਿਨਾਂ ਪਹਿਲਾਂ ਲੁਧਿਆਣਾ ਦੇ ਓਸਵਾਲ ਗਰੁੱਪ ਦੇ ਮਾਲਕ ਐੱਸ.ਪੀ. ਓਸਵਾਲ ਨੂੰ ਨਕਲੀ ਸੀ.ਬੀ.ਆਈ ਅਧਿਕਾਰੀ ਬਣ ਕੇ ਡਿਜੀਟਲ ਅਰੈਸਟ ਕਰਕੇ 7 ਕਰੋੜ ਦੀ ਠੱਗੀ ਕਰਨ ਦੇ ਮਾਮਲੇ 'ਚ ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ ਮਨੀ ਲਾਂਡਰਿੰਗ ਦੇ ਮਾਮਲੇ 'ਚ ਗੁਹਾਈ ਤੋਂ ਟਰਾਂਜ਼ਿਟ ਰਿਮਾਂਡ 'ਤੇ ਲਿਆ ਕੇ ਜਲੰਧਰ ਅਦਾਲਤ 'ਚ ਪੇਸ਼ ਕੀਤੀ ਗਈ ਰੂਮੀ ਕਾਲਿਤਾ ਨੂੰ ਅੱਜ 10 ਦਿਨ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜੀਵ ਕੁਮਾਰ ਬੇਰੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ | ਇਸ ਦੌਰਾਨ ਈ.ਡੀ. ਵੱਲੋਂ ਵਕੀਲ ਅਜੇ ਪਠਾਨੀਆ ਅਦਾਲਤ 'ਚ ਪੇਸ਼ ਹੋਏ ਤੇ ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਰੂਮੀ ਕਾਲਿਤਾ ਕੋਲੋਂ ਪੁੱਛਗਿੱਛ ਦੌਰਾਨ ਇੱਕ ਹੋਰ ਗੈਂਗ ਮੈਂਬਰ ਅਰਪਿਤ ਰਾਠੌਰ ਨੂੰ ਕਾਬੂ ਕੀਤਾ ਗਿਆ ਸੀ | ਵਕੀਲ ਅਜੇ ਪਠਾਨੀਆ ਨੇ ਅਦਾਲਤ ਨੂੰ ਦੱਸਿਆ ਕਿ ਰੂਮੀ ਕਾਲਿਤਾ ਕੋਲੋਂ ਅਜੇ ਇਨ੍ਹਾਂ ਦੇ ਵਿਦੇਸ਼ਾਂ 'ਚ ਬੈਠੇ ਸਾਥੀਆਂ ਬਾਰੇ ਅਤੇ ਹੋਰ ਲਿੰਕ ਬਾਰੇ ਪਤਾ ਕੀਤਾ ਜਾ ਰਿਹਾ ਹੈ ਤੇ ਇਸ ਲਈ ਤਿੰਨ ਦਿਨ ਦਾ ਹੋਰ ਰਿਮਾਂਡ ਦਿੱਤਾ ਜਾਵੇ ਜਿਸ 'ਤੇ ਅਦਾਲਤ ਨੇ ਰੂਮੀ ਕਾਲਿਤਾ ਦੇ ਰਿਮਾਂਡ 'ਚ ਤਿੰਨ ਦਿਨ ਦਾ ਹੋਰ ਵਾਧਾ ਕੀਤੇ ਜਾਣ ਦਾ ਹੁਕਮ ਦਿੱਤਾ ਹੈ |