ਜਲੰਧਰ, 2 ਜਨਵਰੀ (ਸ਼ਿਵ)- ਨਵੀਆਂ ਸ਼ਰਤਾਂ ਕਰਕੇ ਟਰੈਕਟਰ ਟਰਾਲੀਆਂ ਰਾਹੀਂ ਕੂੜਾ ਚੁੱਕਣ ਲਈ ਲਗਾਏ ਗਏ ਟੈਂਡਰਾਂ ਦੇ ਲਟਕਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿਉਂਕਿ ਨਵੀਆਂ ਸ਼ਰਤਾਂ ਕਰਕੇ ਹੀ ਨਿਗਮ ਪ੍ਰਸ਼ਾਸਨ ਵਲੋਂ ਜਿਹੜੇ 13 ਟੈਂਡਰ ਲਗਾਏ ਗਏ ਸਨ, ਉਨ੍ਹਾਂ ਲਈ ਸਿਰਫ਼ 6 ਟੈਂਡਰ ਹੀ ਅਜੇ ਠੇਕੇਦਾਰਾਂ ਵਲੋਂ ਪਾਏ ਗਏ ਹਨ | ਨਿਗਮ ਸੂਤਰਾਂ ਦਾ ਕਹਿਣਾ ਹੀ ਕਿ ਨਵੀਆਂ ਸ਼ਰਤਾਂ ਕਰਕੇ ਕਈ ਪੁਰਾਣੇ ਠੇਕੇਦਾਰਾਂ ਨੇ ਵੀ ਫ਼ਿਲਹਾਲ ਦੂਰੀ ਬਣਾ ਲਈ ਲੱਗਦੀ ਹੈ | ਨਿਗਮ ਪ੍ਰਸ਼ਾਸਨ ਨੇ ਇਸ ਮਾਮਲੇ ਵਿਚ ਜਿਹੜੀਆਂ ਨਵੀਆਂ ਸ਼ਰਤਾਂ ਲਗਾਈਆਂ ਹਨ, ਉਨ੍ਹਾਂ ਵਿਚ ਜਿਸ ਟੈਂਡਰ ਵਿਚ ਸਭ ਤੋਂ ਜ਼ਿਆਦਾ ਛੋਟ ਪਾਈ ਜਾਵੇਗੀ, ਬਾਕੀ ਟੈਂਡਰਾਂ ਵਿਚ ਵੀ ਉਹ ਛੋਟ ਲਾਗੂ ਹੋਵੇਗੀ ਜਦਕਿ ਠੇਕੇਦਾਰਾਂ ਲਈ ਇਸ ਸ਼ਰਤ 'ਤੇ ਕੰਮ ਕਰਨਾ ਔਖਾ ਹੋ ਸਕਦਾ ਹੈ ਤੇ ਇਸ ਤੋਂ ਇਲਾਵਾ ਜਦੋਂ ਸਾਰੇ ਟੈਂਡਰ ਆ ਜਾਣਗੇ ਤਾਂ ਹੀ ਇਹ ਟੈਂਡਰ ਖੋਲ੍ਹੇ ਜਾਣਗੇ | ਦੱਸਿਆ ਜਾਂਦਾ ਹੈ ਕਿ ਟਰੈਕਟਰ ਟਰਾਲੀਆਂ ਰਾਹੀਂ ਕੂੜਾ ਚੁੱਕਣ ਦੇ ਕੰਮ ਲਈ ਕਈ ਨਵੇਂ ਠੇਕੇਦਾਰ ਆ ਗਏ ਹਨ ਪਰ ਪੁਰਾਣੇ ਠੇਕੇਦਾਰਾਂ ਵਲੋਂ ਅਜੇ ਕੰਮ ਨਹੀਂ ਪਾਏ ਗਏ ਹਨ | ਕੁੱਝ ਠੇਕੇਦਾਰਾਂ ਦਾ ਕਹਿਣਾ ਸੀ ਕਿ ਜ਼ਿਆਦਾ ਛੋਟ 'ਤੇ ਸਹੀ ਕੰਮ ਕਰਨਾ ਕਿਸ ਤਰ੍ਹਾਂ ਨਾਲ ਠੀਕ ਹੋਵੇਗਾ | ਉਂਜ ਕੁੱਝ ਦਿਨ ਪਹਿਲਾਂ ਹੀ ਮੇਅਰ ਵਨੀਤ ਧੀਰ ਨੇ ਇਸ ਕੰਮ ਵਿਚ ਬੇਨਿਯਮੀ ਫੜੀ ਸੀ | ਨਿਗਮ ਵਿਚ ਮੇਅਰ ਦਫ਼ਤਰ ਦੇ ਨਾਲ ਹੀ ਉਨ੍ਹਾਂ ਨੇ ਇੱਕ ਕੰਟਰੋਲ ਰੂਮ ਬਣਵਾਇਆ ਹੈ ਜਿਸ ਵਿਚ ਕੂੜਾ ਚੁੱਕਣ ਦਾ ਕੰਮ ਕਰਨ ਵਾਲੀਆਂ ਟਰੈਕਟਰ ਟਰਾਲੀਆਂ 'ਤੇ ਲੱਗੇ ਜੀ. ਪੀ. ਸੀ. ਸਿਸਟਮ ਨਾਲ ਉਨ੍ਹਾਂ ਦੀ ਲੋਕੇਸ਼ਨ ਦੀ ਜਾਂਚ ਕੀਤੀ ਜਾਂਦੀ ਹੈ | ਮੇਅਰ ਨੇ ਬੀਤੇ ਦਿਨੀਂ ਇਸ ਮਾਮਲੇ ਵਿਚ ਖ਼ਾਮੀ ਫੜੀ ਸੀ ਕਿ 13 ਟਰੈਕਟਰ ਟਰਾਲੀਆਂ ਵਿਚ ਸਿਰਫ਼ 6 ਟਰਾਲੀਆਂ ਹੀ ਚੱਲ ਰਹੀਆਂ ਸੀ ਤਾਂ ਮੇਅਰ ਵਲੋਂ ਲੋਕੇਸ਼ਨ ਦੀ ਜਾਂਚ ਹੋਣ ਤੋਂ ਬਾਅਦ ਪਤਾ ਲੱਗਾ ਕਿ 7 ਟਰੈਕਟਰ ਟਰਾਲੀਆਂ ਦਾ ਕੁੱਝ ਪਤਾ ਨਹੀਂ ਚੱਲ ਰਿਹਾ ਸੀ ਤਾਂ ਮੇਅਰ ਨੇ ਇਸ ਮਾਮਲੇ ਵਿਚ ਅਦਾਇਗੀ ਰੋਕਣ ਦੀ ਹਦਾਇਤ ਕੀਤੀ ਸੀ | ਕੂੜਾ ਚੁੱਕਣ ਦਾ ਕੰਮ ਕਰਨ ਲਈ ਟਰੈਕਟਰ ਟਰਾਲੀਆਂ ਦੇ ਟੈਂਡਰਾਂ ਦਾ ਕੰਮ ਲਟਕਣ ਨਾਲ ਸ਼ਹਿਰ ਵਿਚ ਆਉਣ ਵਾਲੇ ਦਿਨਾਂ ਵਿਚ ਕੂੜਾ ਚੁੱਕਣ ਦਾ ਕੰਮ ਇਸ ਕਰਕੇ ਵੀ ਪ੍ਰਭਾਵਿਤ ਹੋਣ ਦੀ ਸ਼ੰਕਾ ਹੈ ਕਿ ਜੇਕਰ ਨਿਗਮ ਯੂਨੀਅਨ ਵਲੋਂ ਕਿਸੇ ਮੁੱਦੇ 'ਤੇ ਕੰਮ ਬੰਦ ਕੀਤਾ ਜਾਂਦਾ ਹੈ ਤਾਂ ਟਰੈਕਟਰ ਟਰਾਲੀਆਂ ਜਿਨ੍ਹਾਂ ਮੁੱਖ ਸੜਕਾਂ ਤੋਂ ਕੂੜਾ ਚੁੱਕਦੀਆਂ ਹਨ, ਉੱਥੇ ਕੂੜੇ ਦੇ ਢੇਰ ਲੱਗ ਜਾਣਗੇ | ਨਿਗਮ ਪ੍ਰਸ਼ਾਸਨ ਫ਼ਿਲਹਾਲ ਕੂੜਾ ਚੁੱਕਣ ਦੇ ਟਰੈਕਟਰ ਟਰਾਲੀਆਂ ਦੇ ਟੈਂਡਰਾਂ ਨੂੰ ਸਿਰੇ ਚੜ੍ਹਾਉਣ ਦੇ ਯਤਨ ਵਿਚ ਲੱਗਾ ਹੈ |