ਫਿਲੌਰ, 2 ਜਨਵਰੀ (ਸਤਿੰਦਰ ਸ਼ਰਮਾ)- ਪ੍ਰੈੱਸ ਕਲੱਬ ਫਿਲੌਰ ਵੱਲੋਂ ਪੰਜਾਬ 'ਚ ਪੱਤਰਕਾਰਾਂ 'ਤੇ ਦਰਜ ਕੀਤੇ ਪਰਚੇ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ | ਮੀਟਿੰਗ ਵਿਚ ਬੋਲਦੇ ਹੋਏ ਬੁਲਾਰਿਆਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਹਾਕਮ ਧਿਰ ਨੇ ਆਪਣੀਆਂ ਕੀਤੀਆਂ 'ਤੇ ਪਰਦੇ ਪਾਉਣ ਲਈ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਹੈ | ਕਲੱਬ ਦੇ ਪ੍ਰਧਾਨ ਸਤਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਉਪਰੰਤ ਜਨਰਲ ਸਕੱਤਰ ਸਰਬਜੀਤ ਗਿੱਲ ਨੇ ਦੱਸਿਆ ਕਿ ਪਹਿਲੀਆਂ ਸਰਕਾਰਾਂ ਵੇਲੇ ਦੇ ਮੁੱਖ ਮੰਤਰੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੁੰਦੇ ਸਨ ਪਰ ਮੌਜੂਦਾ ਮੱੁਖ ਮੰਤਰੀ ਵੱਲੋਂ ਪੱਤਰਕਾਰ ਸੰਮੇਲਨ ਹੀ ਬਹੁਤ ਘੱਟ ਹੁੰਦੇ ਹਨ | ਮੀਟਿੰਗ ਦੌਰਾਨ ਪਾਏ ਮਤੇ 'ਚ ਮੌਜੂਦ ਸਰਕਾਰ ਵਲੋਂ ਪੱਤਰਕਾਰਾਂ ਪ੍ਰਤੀ ਅਪਣਾਈ ਨੀਤੀ ਦੀ ਪੁਰਜ਼ੋਰ ਸ਼ਬਦਾਂ 'ਚ ਨਿਖੇਧੀ ਕੀਤੀ ਗਈ | ਪੱਤਰਕਾਰਾਂ ਵੱਲੋਂ ਚੱਲ ਰਹੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਰਜ ਕੀਤੇ ਕੇਸ ਨੂੰ ਤੁਰੰਤ ਵਾਪਸ ਲਏ | ਕਲੱਬ ਦੇ ਪ੍ਰਧਾਨ ਸਤਿੰਦਰ ਸ਼ਰਮਾ ਨੇ ਕਿਹਾ ਕਿ ਸਵਾਲ ਪੁੱਛਣ ਦੇ ਬਦਲੇ ਪਰਚਾ ਦਰਜ ਕਰਨ ਦੀ ਨੀਤੀ ਪੂਰੀ ਤਰ੍ਹਾਂ ਗਲਤ ਹੈ | ਉਨ੍ਹਾਂ ਮੰਗ ਕੀਤੀ ਕਿ ਦਰਜ ਪਰਚੇ ਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾਵੇ | ਮੀਟਿੰਗ ਵਿਚ ਅਮਰਜੀਤ ਮੋਨੂੰ, ਸੁਰਜੀਤ ਸਿੰਘ ਬਰਨਾਲਾ, ਨਰੇਸ਼ ਸ਼ਰਮਾ, ਸ਼ੁਭਮ ਸ਼ਰਮਾ, ਪ੍ਰਭੂਪਾਲ, ਸੁਰਿੰਦਰ ਸਿੰਘ, ਬੰਟੀ ਕਲੇਰ, ਰਿੰਕੂ ਖੋਸਲਾ ਆਦਿ ਹਾਜ਼ਰ ਸਨ |