ਜਲੰਧਰ, 3 ਜਨਵਰੀ (ਸ਼ਿਵ)- ਬਸਤੀ ਦਾਨਿਸ਼ਮੰਦਾ ਵਿਚ ਚੱਲ ਰਹੇ ਮੁੱਖ ਸੀਵਰੇਜ ਦੇ ਚੱਲ ਰਹੇ ਕੰਮ ਦਾ ਅੱਜ ਮੇਅਰ ਵਨੀਤ ਧੀਰ ਨੇ ਨਿਗਮ ਅਫ਼ਸਰਾਂ ਦੇ ਨਾਲ ਮੌਕਾ ਦੇਖਿਆ ਤੇ ਉਨ੍ਹਾਂ ਨੇ ਕੰਮ ਵਿਚ ਤੇਜ਼ੀ ਲਿਆਉਣ ਦੀ ਹਦਾਇਤ ਦਿੱਤੀ | ਦੌਰੇ ਦੌਰਾਨ ਸੰਬੰਧਿਤ ਐੱਸ.ਸੀ., ਐਕਸੀਅਨ, ਜੇ.ਈ. ਤੇ ਠੇਕੇਦਾਰਾਂ ਨੂੰ ਕੰਮ ਵਿਚ ਤੇਜ਼ੀ ਲਿਆਉਣ ਤੋਂ ਇਲਾਵਾ ਨਿਰਧਾਰਿਤ ਸਮੇਂ ਅੰਦਰ ਉੱਚ ਗੁਣਵੱਤਾ ਨਾਲ ਕੰਮ ਮੁਕੰਮਲ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ | ਬਸਤੀ ਦਾਨਿਸ਼ਮੰਦਾਂ ਦੀ ਮੁੱਖ ਸੜਕ ਪਿਛਲੇ ਇੱਕ ਸਾਲ ਸੀਵਰੇਜ ਜਾਮ ਦੀ ਸਮੱਸਿਆ ਹੱਲ ਕਰਨ ਲਈ ਪੁੱਟੀ ਗਈ ਹੈ ਤੇ ਇਹ ਕੰਮ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਕੁੱਝ ਦਿਨ ਪਹਿਲਾਂ ਲੋਕਾਂ ਨੇ ਵੀ ਮੇਅਰ ਵਨੀਤ ਧੀਰ ਨਾਲ ਮੁਲਾਕਾਤ ਕਰਕੇ ਸੀਵਰੇਜ ਦੇ ਕੰਮ ਨੂੰ ਜਲਦੀ ਕਰਵਾ ਕੇ ਸੜਕ ਬਣਵਾਉਣ ਦੀ ਮੰਗ ਕੀਤੀ ਸੀ ਕਿਉਂਕਿ ਆਉਣ ਵਾਲੇ ਦਿਨਾਂ ਵਿਚ ਇਸ ਰੂਟ ਤੋਂ ਸ਼ੋਭਾ ਯਾਤਰਾ ਵੀ ਕੱਢੀਆਂ ਜਾਣੀਆਂ ਹਨ | ਅਧਿਕਾਰੀਆਂ ਨੂੰ ਸਪੱਸ਼ਟ ਕਿਹਾ ਗਿਆ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਕੰਮ 'ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਸਾਥੀ ਕੌਂਸਲਰਾਂ ਤੇ ਸੀਨੀਅਰ ਆਗੂਆਂ ਵਿਚ ਡਾ. ਮਨੀਸ਼ ਕਰਲੂਪੀਆ, ਐਡਵੋਕੇਟ ਸੰਦੀਪ ਵਰਮਾ, ਸੌਰਭ ਸੇਠ, ਅਮਿੱਤ ਲੁਦਰਾ ਸਮੇਤ ਹੋਰ ਅਫ਼ਸਰ ਹਾਜ਼ਰ ਸਨ |