ਜਲੰਧਰ, 4 ਜਨਵਰੀ (ਹਰਵਿੰਦਰ ਸਿੰਘ ਫੁੱਲ)- ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ਼ ਵਿਖੇ ਸਜਾਏ ਗਏ ਗੁਰਮਤਿ ਸਮਾਗਮ ਦੌਰਾਨ ਉੱਘੇ ਕਵੀ ਪ੍ਰੋ. ਦਲਬੀਰ ਸਿੰਘ ਰਿਆੜ ਦਾ ਸਨਮਾਨ ਕੀਤਾ ਗਿਆ | ਅੰਮਿ੍ਤ ਵੇਲੇ ਪੰਜ ਬਾਣੀਆਂ ਦੇ ਨਿੱਤਨੇਮ ਉਪਰੰਤ ਹਜ਼ੂਰੀ ਰਾਗੀ ਭਾਈ ਮਹਿੰਦਰਪਾਲ ਸਿੰਘ ਦੇ ਜਥੇ ਨੇ ਕੀਰਤਨ ਦੁਆਰਾ ਤੇ ਗਿਆਨੀ ਦਲਬੀਰ ਸਿੰਘ ਨੇ ਕਥਾ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਪੰਜਾਬੀ ਲਿਖਾਰੀ ਸਭਾ ਵਲੋਂ ਮਹੀਨਾ ਵਾਰੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਪ੍ਰੋ. ਦਲਬੀਰ ਸਿੰਘ ਰਿਆੜ ਤੋਂ ਇਲਾਵਾ ਮਹਿੰਦਰ ਸਿੰਘ ਅਨੇਜਾ, ਉਰਮਿਲਜੀਤ ਸਿੰਘ ਵਾਲੀਆ, ਕੁਲਵਿੰਦਰ ਸਿੰਘ ਗਾਖਲ, ਅਮਰ ਸਿੰਘ ਅਮਰ, ਮੇਜਰ ਕੁਲਦੀਪ ਸਿੰਘ, ਸਤਪਾਲ ਸਿੰਘ ਅਲੱਗ, ਹਰਜਿੰਦਰ ਸਿੰਘ ਜਿੰਦੀ ਤੇ ਬੀਬੀ ਕੁਲਜੀਤ ਕੌਰ ਨੇ ਆਪਣੀਆਂ ਰਚਨਾਵਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਪ੍ਰਧਾਨ ਗੁਰਕਿਰਪਾਲ ਸਿੰਘ ਨੇ ਦੱਸਿਆ ਕਿ 5 ਜਨਵਰੀ ਦਿਨ ਸੋਮਵਾਰ ਨੂੰ ਕਲਗ਼ੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਸਹਿਤ ਮਨਾਇਆ ਜਾਵੇਗਾ | ਸਵੇਰ ਤੇ ਸ਼ਾਮ ਦੋਨੋਂ ਸਮੇਂ ਦੀਵਾਨ ਸਜਾਏ ਜਾਣਗੇ ਜਿਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਵਰਨ ਸਿੰਘ ਦੇ ਜਥੇ ਤੋਂ ਇਲਾਵਾ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਸਰਬਜੀਤ ਸਿੰਘ ਢੋਟੀਆਂ ਕਥਾ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ | ਇਸੇ ਤਰਾਂ ਰਾਤ ਦੇ ਦੀਵਾਨ ਵਿਚ ਭਾਈ ਸ਼ਮਸ਼ੇਰ ਸਿੰਘ ਦਾ ਰਾਗੀ ਜਥਾ ਕੀਰਤਨ ਦੁਆਰਾ ਹਾਜ਼ਰੀ ਭਰਨਗੇ | ਬੇਅੰਤ ਸਿੰਘ ਸਰਹੱਦੀ ਨੇ ਵੀ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ, ਬਲਵਿੰਦਰ ਸਿੰਘ ਹੇਅਰ, ਚਰਨਜੀਤ ਸਿੰਘ ਲੁਬਾਣਾ, ਗੁਰਜੀਤ ਸਿੰਘ ਪੋਪਲੀ, ਹਰਬੰਸ ਸਿੰਘ, ਬਲਵੰਤ ਸਿੰਘ, ਜਗਤਾਰ ਸਿੰਘ ਪਤਵੰਤੇ ਸੱਜਣ ਹਾਜ਼ਰ ਸਨ |