ਮਕਸੂਦਾਂ, 21 ਫਰਵਰੀ (ਸੌਰਵ ਮਹਿਤਾ)- ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਲਿੱਧੜਾਂ ਪਿੰਡ ਨੇੜਲੇ ਸਰਵਿਸ ਰੋਡ 'ਤੇ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ | ਸਨਿਚਰਵਾਰ ਰਾਤ ਕਰੀਬ 8 ਵਜੇ ਐਨ.ਆਈ.ਟੀ. ਕਾਲਜ ਦੇ ਮੁੱਖ ਸੁਰੱਖਿਆ ਇੰਚਾਰਜ ਕਿਸ਼ੋਰੀ ਲਾਲ (55) ਨਾਲ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਅੰਜਾਮ ਦਿੱਤਾ ਗਿਆ | ਜਾਣਕਾਰੀ ਮੁਤਾਬਿਕ ਕਿਸ਼ੋਰੀ ਲਾਲ ਡਿਊਟੀ ਖ਼ਤਮ ਕਰ ਕੇ ਆਪਣੀ ਐਕਟੀਵਾ 'ਤੇ ਘਰ ਵੱਲ ਜਾ ਰਹੇ ਸਨ | ਇਸ ਦੌਰਾਨ ਪਿੱਛੋਂ ਆਏ ਦੋ ਨੌਜਵਾਨਾਂ ਨੇ ਉਨ੍ਹਾਂ ਦੀ ਐਕਟੀਵਾ ਨੂੰ ਟੱਕਰ ਮਾਰ ਦਿੱਤੀ | ਸੜਕ 'ਤੇ ਡਿਗਦੇ ਹੀ ਲੁਟੇਰਿਆਂ ਨੇ ਉਨ੍ਹਾਂ ਨਾਲ ਹੱਥਾਪਾਈ ਕਰਦੇ ਹੋਏ ਮੋਬਾਈਲ ਲੁੱਟ ਲਿਆ | ਹਮਲੇ ਕਾਰਨ ਉਹ ਜ਼ਖ਼ਮੀ ਵੀ ਹੋਏ | ਲੁਟੇਰਿਆਂ ਨੇ ਉਨ੍ਹਾਂ ਦੀ ਐਕਟੀਵਾ ਲੈ ਜਾਣ ਦੀ ਵੀ ਕੋਸ਼ਿਸ਼ ਕੀਤੀ ਪਰ ਪਿੱਛੋਂ ਆ ਰਹੀਆਂ ਗੱਡੀਆਂ ਦੀਆਂ ਲਾਈਟਾਂ ਦੇਖ ਕੇ ਮੌਕੇ ਤੋਂ ਫ਼ਰਾਰ ਹੋ ਗਏ | ਗੌਰਤਲਬ ਹੈ ਕਿ ਕਿਸ਼ੋਰੀ ਲਾਲ ਐਨ.ਆਈ.ਟੀ. ਵਿਚ ਕਰੀਬ 30 ਤੋਂ 40 ਸੁਰੱਖਿਆ ਕਰਮਚਾਰੀਆਂ ਦੀ ਟੀਮ ਦੀ ਅਗਵਾਈ ਕਰਦੇ ਹਨ | ਇਸੇ ਸਰਵਿਸ ਰੋਡ 'ਤੇ ਕੁੱਝ ਦਿਨ ਪਹਿਲਾਂ ਪ੍ਰੋਫੈਸਰ ਡਾ. ਸੁਧੀਰ ਤੋਂ ਲੈਪਟਾਪ ਤੇ ਨਕਦੀ ਲੁੱਟੀ ਗਈ ਸੀ | ਐਨ.ਆਈ.ਟੀ. ਵਿਚ ਕੰਮ ਕਰਦੇ ਉਨ੍ਹਾਂ ਦੇ ਸਾਥੀ ਪ੍ਰੇਮ ਭੱਲਾ ਨੇ ਵੱਧ ਰਹੀਆਂ ਵਾਰਦਾਤਾਂ 'ਤੇ ਗੰਭੀਰ ਚਿੰਤਾ ਜਤਾਈ ਹੈ | ਮਾਮਲੇ ਸਬੰਧੀ ਮਕਸੂਦਾਂ ਥਾਣੇ ਦੇ ਐਸ.ਐਚ.ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਪ੍ਰਾਪਤ ਹੋ ਚੁੱਕੀ ਹੈ ਅਤੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ |