ਜਲੰਧਰ, 23 ਫਰਵਰੀ (ਜਸਪਾਲ ਸਿੰਘ)- ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪੰਜਾਬ ਜਾਗਿ੍ਤੀ ਮੰਚ ਵੱਲੋਂ 26 ਫਰਵਰੀ ਦਿਨ ਵੀਰਵਾਰ ਨੂੰ ਜਲੰਧਰ ਸ਼ਹਿਰ ਵਿਖੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਬੋਲੀ ਪੰਜਾਬੀ ਜਾਗਿ੍ਤੀ ਮਾਰਚ ਕੱਢਿਆ ਜਾਵੇਗਾ ਜਿਸ ਵਿਚ ਵੱਖ-ਵੱਖ ਸਕੂਲਾਂ, ਕਾਲਜਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੀਆਂ ਸਤਿਕਾਰਤ ਸ਼ਖ਼ਸੀਅਤਾਂ ਸ਼ਾਮਿਲ ਹੋਣਗੀਆਂ | ਇਸ ਸੰਬੰਧੀ ਪੰਜਾਬ ਜਾਗਿ੍ਤੀ ਮੰਚ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਤੇ ਜਨਰਲ ਸਕੱਤਰ ਦੀਪਕ ਬਾਲੀ ਦੀ ਅਗਵਾਈ ਵਿਚ ਜਲੰਧਰ ਦੇ ਸਰਕਟ ਹਾਊਸ ਵਿਖੇ ਪੰਜਾਬੀ ਪ੍ਰੇਮੀਆਂ ਦੀ ਇੱਕ ਮੀਟਿੰਗ ਬੁਲਾਈ ਗਈ ਜਿਸ ਵਿਚ ਮਾਂ ਬੋਲੀ ਪੰਜਾਬੀ ਮਾਰਚ ਦੇ ਸਬੰਧ ਵਿਚ ਵਿਚਾਰ ਵਟਾਂਦਰੇ ਕੀਤੇ ਗਏ ਤੇ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ | ਇਹ ਮਾਰਚ ਲਾਇਲਪੁਰ ਖ਼ਾਲਸਾ ਸਕੂਲ ਨਕੋਦਰ ਰੋਡ ਤੋਂ ਸ਼ੁਰੂ ਹੋ ਕੇ ਡਾ. ਅੰਬੇਡਕਰ ਚੌਕ, ਭਗਵਾਨ ਵਾਲਮੀਕਿ ਚੌਕ, ਸ੍ਰੀ ਰਾਮ ਚੌਕ, ਭਗਤ ਨਾਮਦੇਵ ਚੌਕ ਤੋਂ ਹੁੰਦਾ ਹੋਇਆ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪਹੁੰਚੇਗਾ | ਦੇਸ਼ ਭਗਤ ਯਾਦਗਾਰ ਹਾਲ ਵਿਖੇ ਵੱਖ-ਵੱਖ ਪੰਜਾਬੀ ਗਾਇਕ ਮਾਂ ਬੋਲੀ ਪੰਜਾਬੀ ਦਾ ਗੁਣਗਾਨ ਕਰਨਗੇ | ਮੀਟਿੰਗ ਵਿਚ ਕਮਲੇਸ਼ ਦੁੱਗਲ, ਆਤਮ ਪ੍ਰਕਾਸ਼ ਬੱਬਲੂ, ਪਰਵੀਨ ਅਬਰੋਲ, ਸੁਖਬੀਰ ਸਿੰਘ ਚੱਠਾ, ਸੰਗਤ ਰਾਮ, ਕੁਲਵੰਤ ਸਿੰਘ ਦਾਲਮ, ਸੁਰਜੀਤ ਲਾਲ, ਬਾਬਾ ਸੁਖਜੀਤ ਸਿੰਘ, ਪਿ੍ੰਸੀਪਲ ਅਨੂਪ ਵਤਸ, ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ, ਪੁਨੀਤ, ਪਰਮਜੀਤ ਸੇਠੀ, ਗੁਰਪ੍ਰੀਤ ਧਾਮੀ, ਰਸ਼ਮੀ ਅਗਰਵਾਲ, ਗੌਤਮ ਬਾਲੀ, ਅਰਜਨ ਮਲਹੋਤਰਾ, ਮਨਜੀਤ ਸਿੰਘ ਥਿੰਦ, ਹਰਸਿਮਰਨਜੀਤ ਸਿੰਘ, ਗੁਰਦਾਸ ਸਿੰਘ ਆਦਿ ਪੰਜਾਬੀ ਪ੍ਰੇਮੀ ਸ਼ਾਮਿਲ ਹੋਏ | ਸਮੂਹ ਪੰਜਾਬੀ ਪ੍ਰੇਮੀਆਂ ਨੂੰ ਇਸ ਪੰਜਾਬੀ ਮਾਰਚ ਵਿਚ ਸ਼ਾਮਿਲ ਹੋਣ ਲਈ ਨਿੱਘਾ ਸੱਦਾ ਹੈ |