ਮਕਸੂਦਾਂ, 25 ਫਰਵਰੀ (ਸੌਰਵ ਮਹਿਤਾ) - ਮਹਾਨਗਰ ਦੇ ਪੌਸ਼ ਇਲਾਕੇ ਵਿੰਡਸਨ ਪਾਰਕ ਵਿੱਚ ਮਹਿਲਾ ਡਾਕਟਰ ਦੇ ਘਰ ਹੋਈ ਲੱਖਾਂ ਰੁਪਏ ਦੀ ਚੋਰੀ ਦੇ ਮਾਮਲੇ 'ਚ ਸੱਤ ਮਹੀਨੇ ਬਾਅਦ ਥਾਣਾ ਡਵੀਜ਼ਨ ਨੰਬਰ 1 ਦੀ ਪੁਲਿਸ ਵੱਲੋਂ ਆਖਰਕਾਰ ਐਫ਼.ਆਈ.ਆਰ. ਦਰਜ ਕੀਤੀ ਗਈ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਚੋਰਾਂ ਦਾ ਕੋਈ ਸੁਰਾਗ ਹੱਥ ਨਹੀਂ ਲੱਗ ਸਕਿਆ | ਮਿਲੀ ਜਾਣਕਾਰੀ ਮੁਤਾਬਕ ਡਾ. ਵੰਦਨਾ ਨਿਵਾਸੀ ਵਿੰਡਸਨ ਪਾਰਕ ਨੇ ਆਪਣੀ ਸ਼ਿਕਾਇਤ ਵਿੱਚ ਦਰਸਾਇਆ ਕਿ 23 ਜੁਲਾਈ 2025 ਨੂੰ ਜਦੋਂ ਉਹ ਆਪਣੇ ਘਰ ਪਹੁੰਚੀ ਤਾਂ ਘਰ ਦਾ ਸਾਰਾ ਸਾਮਾਨ ਬਿਖਰਿਆ ਪਿਆ ਸੀ ਤੇ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ | ਅਣਪਛਾਤੇ ਚੋਰ ਘਰ ਵਿੱਚ ਦਾਖ਼ਲ ਹੋ ਕੇ ਲੱਖਾਂ ਦੇ ਸੋਨੇ ਦੇ ਗਹਿਣੇ ਤੇ ਕੀਮਤੀ ਇਲੈਕਟ੍ਰਾਨਿਕ ਸਾਮਾਨ ਚੁੱਕ ਕੇ ਲੈ ਗਏ | ਪੀੜਤਾ ਵੱਲੋਂ ਉਸੇ ਸਮੇਂ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਪਰ ਮੰਗਲਵਾਰ ਦੇਰ ਸ਼ਾਮ ਨੂੰ ਘਟਨਾ ਤੋਂ ਕਰੀਬ ਸੱਤ ਮਹੀਨੇ ਬਾਅਦ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕੀਤਾ | ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਦੇ ਕੈਮਰਿਆਂ ਦੀ ਪੁਰਾਣੀ ਫੁਟੇਜ ਮੁੜ ਖੰਗਾਲੀ ਜਾ ਰਹੀ ਹੈ | ਇਸ ਮਾਮਲੇ ਨੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜੇ ਕਰ ਦਿੱਤੇ ਹਨ ਕਿ ਜਦੋਂ ਸ਼ਿਕਾਇਤ ਤੁਰੰਤ ਦਿੱਤੀ ਗਈ ਸੀ ਤਾਂ ਮਾਮਲਾ ਦਰਜ ਕਰਨ ਵਿੱਚ ਇੰਨੀ ਦੇਰੀ ਕਿਉਂ ਹੋਈ | ਇਲਾਕਾ ਨਿਵਾਸੀਆਂ ਵਿੱਚ ਵੀ ਚਿੰਤਾ ਦਾ ਮਾਹੌਲ ਹੈ ਤੇ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ |