ਜਲੰਧਰ, 26 ਫਰਵਰੀ (ਜਸਪਾਲ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਸ੍ਰੀ ਅਸ਼ਵਨ ਭੱਲਾ, ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਨੀ ਜੋਸ਼ੀ ਤੇ ਸੀਨੀਅਰ ਆਗੂ ਸੁੱਖਾ ਸ਼ੇਰਗਿੱਲ ਨੇ ਰਾਹੁਲ ਗਾਂਧੀ ਦੀ 28 ਫਰਵਰੀ ਨੂੰ ਬਰਨਾਲਾ ਵਿਖੇ ਹੋਣ ਜਾ ਰਹੀ ਰੈਲੀ ਨੂੰ ਇਤਿਹਾਸਿਕ ਦੱਸਦੇ ਹੋਏ ਕਿਹਾ ਕਿ ਰੈਲੀ ਨੂੰ ਲੈ ਕੇ ਵਰਕਰਾਂ ਅੰਦਰ ਭਾਰੀ ਉਤਸ਼ਾਹ ਹੈ | ਬਰਨਾਲਾ ਵਿਖੇ ਰੈਲੀ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਆਗੂਆਂ ਨੇ ਕਿਹਾ ਕਿ ਰੈਲੀ 'ਚ ਪੰਜਾਬ ਦੇ ਕੋਨੇ-ਕੋਨੇ ਤੋਂ ਜਿੱਥੇ ਪਾਰਟੀ ਵਰਕਰ ਵੱਡੀ ਗਿਣਤੀ ਪੁੱਜਣਗੇ, ਉੱਥੇ ਮਨਰੇਗਾ ਮਜ਼ਦੂਰ ਵੀ ਭਾਰੀ ਗਿਣਤੀ 'ਚ ਸ਼ਾਮਿਲ ਹੋਣਗੇ | ਸ੍ਰੀ ਅਸ਼ਵਨ ਭੱਲਾ ਤੇ ਹਨੀ ਜੋਸ਼ੀ ਨੇ ਕਿਹਾ ਕਿ ਰੈਲੀ ਦੀਆਂ ਤਿਆਰੀਆਂ ਲਈ ਪਾਰਟੀ ਆਗੂਆਂ ਵਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਰੈਲੀਆਂ ਦਾ ਰੂਪ ਧਾਰ ਰਹੀਆਂ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰੈਲੀ 'ਚ ਰਿਕਾਰਡਤੋੜ ਇਕੱਠ ਹੋਵੇਗਾ | ਉਨ੍ਹਾਂ ਕਿਹਾ ਕਿ ਇਹ ਰੈਲੀ ਜਿਥੇ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ, ਉੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਸੱਤਾ 'ਚ ਵਾਪਸੀ ਦੇ ਦੇਖੇ ਜਾ ਰਹੇ ਸੁਪਨਿਆਂ 'ਤੇ ਵੀ ਪਾਣੀ ਫੇਰ ਦੇਵੇਗੀ | ਉਨ੍ਹਾਂ ਕਿਹਾ ਕਿ ਸਾਲ 2027 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਸ਼ਾਨਦਾਰ ਜਿੱਤ ਹਾਸਿਲ ਕਰਕੇ ਸਰਕਾਰ ਬਣਾਏਗੀ | ਉਨ੍ਹਾਂ ਕਿਹਾ ਕਿ ਇਸ ਰੈਲੀ 'ਚ ਜਲੰਧਰ ਤੋਂ ਵੀ ਵੱਡੀ ਗਿਣਤੀ 'ਚ ਆਗੂ ਤੇ ਵਰਕਰ ਸ਼ਾਮਿਲ ਹੋਣਗੇ |