ਜਲੰਧਰ, 5 ਮਾਰਚ (ਸ਼ਿਵ)- ਬਰਸਾਤਾਂ ਕਰਕੇ ਅਤੇ ਨਹਿਰੀ ਪਾਣੀ ਪ੍ਰਾਜੈਕਟ ਤਹਿਤ ਪਾਣੀ ਵਾਲੀਆਂ ਪਾਈਪਾਂ ਪਾਉਣ ਕਰਕੇ ਜਿਹੜੀਆਂ ਸੜਕਾਂ ਤੋੜਨ ਦਾ ਕੰਮ ਕੀਤਾ ਗਿਆ ਸੀ, ਉਸ ਨੂੰ ਨਗਰ ਨਿਗਮ ਵਲੋਂ ਬਣਾਉਣ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ | ਨਗਰ ਨਿਗਮ ਵਲੋਂ ਠੇਕੇਦਾਰਾਂ ਨੂੰ ਸੜਕਾਂ ਬਣਾਉਣ ਦਾ ਕੰਮ ਪਹਿਲਾਂ ਹੀ ਅਲਾਟ ਕੀਤਾ ਜਾ ਚੁੱਕਾ ਹੈ | ਲੁੱਕ ਬਜਰੀ ਮਿਕਸ ਕਰਨ ਵਾਲੇ ਪਲਾਂਟ ਦਾ ਕੰਮ ਵੀ 10 ਮਾਰਚ ਤੋਂ ਬਾਅਦ ਸ਼ੁਰੂ ਹੋ ਜਾਵੇਗਾ | ਮੇਅਰ ਵਨੀਤ ਧੀਰ ਨੇ ਬਰਸਾਤਾਂ ਵਿਚ ਖ਼ਰਾਬ ਹੋਈਆਂ ਸੜਕਾਂ ਤੋਂ ਇਲਾਵਾ ਨਹਿਰੀ ਪਾਣੀ ਪ੍ਰਾਜੈਕਟ ਦੇ ਤਹਿਤ ਪਾਈਆਂ ਗਈਆਂ ਪਾਈਪਾਂ ਕਰਕੇ ਜਿਹੜੀਆਂ ਸੜਕਾਂ ਟੁੱਟੀਆਂ ਸੀ, ਉਨਾਂ ਨੂੰ ਬਣਾਉਣ ਲਈ ਬੀ. ਐਂਡ. ਆਰ. ਵਿਭਾਗ ਦੀ ਮੀਟਿੰਗ 6 ਮਾਰਚ ਨੂੰ ਸੱਦ ਲਈ ਹੈ | ਬੀ. ਐਂਡ. ਆਰ. ਵਿਭਾਗ ਦੇ ਅਧਿਕਾਰੀਆਂ ਵਲੋਂ ਮੇਅਰ ਨਾਲ ਮੀਟਿੰਗ ਤੋਂ ਪਹਿਲਾਂ ਸੜਕਾਂ ਦਾ ਨਿਰਮਾਣ ਵਾਲੀਆਂ ਸੜਕਾਂ ਦੀ ਸੂਚੀ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਜਾਣਕਾਰੀ ਮੁਤਾਬਕ ਪੱਛਮੀ ਹਲਕੇ ਵਿਚ ਸਭ ਤੋਂ ਅਹਿਮ ਸੜਕ ਸ੍ਰੀ ਗੁਰੂ ਰਵਿਦਾਸ ਚੌਕ ਤੋਂ ਲੈ ਕੇ ਮੈਂਬਰੋ ਚੌਕ ਤੱਕ ਵਾਲੀ ਸੜਕ ਵੀ ਬਣਾਈ ਜਾਣੀ ਹੈ ਤੇ ਇਸ ਤੋਂ ਇਲਾਵਾ ਮਾਡਲ ਟਾਊਨ ਸ਼ਮਸ਼ਾਨਘਾਟ ਤੋਂ ਲੈ ਕੇ ਕੁੱਕੀ ਢਾਬ ਤੱਕ ਅਤੇ ਮਹਾਂਵੀਰ ਮਾਰਗ ਦੀ ਸੜਕ ਦਾ ਕਾਫੀ ਹਿੱਸਾ ਟੱੁਟਿਆ ਪਿਆ ਸੀ | ਉਸ ਨੂੰ ਬਣਾਉਣ ਦਾ ਕੰਮ ਵੀ 10 ਮਾਰਚ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ | ਬੀ. ਐਂਡ. ਆਰ. ਵਿਭਾਗ ਦੇ ਨਿਗਰਾਨ ਇੰਜੀ. ਸ੍ਰੀ ਰਜਨੀਸ਼ ਡੋਗਰਾ ਨੇ ਦੱਸਿਆ ਕਿ ਜਿਨਾਂ ਸੜਕਾਂ ਦਾ ਨਿਰਮਾਣ ਕੀਤਾ ਜਾਣਾ ਹੈ | ਉਨਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ | 10 ਤੋਂ ਬਾਅਦ ਸੜਕ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਤੇ ਇਹ ਜੰਗੀ ਪੱਧਰ 'ਤੇ ਤੇਜ਼ੀ ਨਾਲ ਕਰਵਾਇਆ ਜਾਵੇਗਾ | ਦੱਸਿਆ ਜਾਂਦਾ ਹੈ ਕਿ ਅਗਲੇ ਸਾਲ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਤਾਂ ਇਸ ਤੋਂ ਪਹਿਲਾਂ ਨਗਰ ਨਿਗਮ ਵਲੋਂ ਸ਼ਹਿਰ ਦੀਆਂ ਉਨਾਂ ਸੜਕਾਂ ਨੂੰ ਠੀਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਜਿਨਾਂ ਦੀ ਹਾਲਤ ਕਾਫੀ ਮਾੜੀ ਹੈ | ਉਂਜ ਜ਼ਿਆਦਾ ਸੜਕਾਂ ਨਹਿਰੀ ਪਾਣੀ ਪ੍ਰਾਜੈਕਟ ਦੀਆਂ ਪਾਈਪਾਂ ਪਾਉਣ ਕਰਕੇ ਖ਼ਰਾਬ ਹੋਈਆਂ ਹਨ | ਇਹ ਸੜਕਾਂ ਜਦੋਂ ਪਾਈਪਾਂ ਪਾਉਣ ਕਰਕੇ ਤੋੜੀਆਂ ਜਾਂਦੀਆਂ ਹਨ ਤਾਂ ਇਹ ਜਲਦੀ ਠੀਕ ਨਹੀਂ ਹੁੰਦੀਆਂ ਕਿਉਂਕਿ ਪਾਈਪਾਂ ਪਾਉਣ ਤੋਂ ਬਾਅਦ ਇਸ ਦੇ ਉੱਪਰ ਪਾਈ ਗਈ ਮਿੱਟੀ ਨੂੰ ਚੰਗੀ ਤਰਾਂ ਨਾਲ ਬਿਠਾ ਕੇ ਉੱਪਰ ਸੜਕ ਬਣਾਈ ਜਾਂਦੀ ਹੈ ਤਾਂ ਇਸ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ | ਸ਼ਹਿਰ ਦੇ ਕੁੱਝ ਹਿੱਸਿਆਂ ਵਿਚ ਨਹਿਰੀ ਪਾਣੀ ਪ੍ਰਾਜੈਕਟ ਦੀ ਪਾਈਪ ਪਾਏ ਜਾਣ ਦੇ ਕੰਮ ਨੂੰ ਕਾਫੀ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਉੱਥੇ ਸੜਕ ਨਹੀਂ ਬਣਾਈ ਗਈ ਹੈ | ਧੋਗ਼ੜੀ ਰੋਡ 'ਤੇ ਕੁੱਝ ਸਾਲ ਪਹਿਲਾਂ ਕਾਫੀ ਹਿੱਸੇ ਵਿਚ ਪਾਈਪ ਪਾਈ ਗਈ ਹੈ ਤੇ ਹੁਣ ਸਿਰਫ਼ ਕੁੱਝ ਹਿੱਸੇ ਵਿਚ ਪਾਈਪਾਂ ਪਾਉਣ ਦਾ ਕੰਮ ਰਹਿ ਗਿਆ ਹੈ | ਪਾਈਪਾਂ ਪਾਉਣ ਦਾ ਕੰਮ ਪੂਰਾ ਹੋਣ ਤੋਂ ਬਾਅਦ ਧੋਗੜੀ ਰੋਡ ਦੀ ਸਾਰੀ ਸੜਕ ਬਣਾਉਣ ਦਾ ਕੰਮ ਪੂਰਾ ਹੋ ਜਾਵੇਗਾ | ਲੋਕਾਂ ਦਾ ਕਹਿਣਾ ਸੀ ਕਿ ਪਾਈਪਾਂ ਪੈਣ ਤੋਂ ਕੋਈ ਇਤਰਾਜ਼ ਨਹੀਂ ਹੈ ਪਰ ਲੰਬੇ ਸਮੇਂ ਤੱਕ ਸੜਕ ਨਹੀਂ ਬਣਾਈਆਂ ਜਾਂਦੀਆਂ ਹਨ ਜਿਸ ਕਰਕੇ ਉਨਾਂ ਦਾ ਆਉਣਾ ਜਾਣਾ ਅਤੇ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ |