ਜਲੰਧਰ, 9 ਮਾਰਚ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਡੇਰਾ ਸੰਤਗੜ੍ਹ ਹਰਖੋਵਾਲ ਕਪੂਰਥਲਾ ਰੋਡ ਜਲੰਧਰ ਵਿਖੇ ਹਰਖੋਵਾਲ ਸੰਪ੍ਰਦਾਇ ਦੇ ਸੰਤ ਮੁਹਿੰਦਰ ਸਿੰਘ ਦੀ 42ਵੀਂ ਤੇ ਸੰਤ ਬਾਬਾ ਦੀਦਾਰ ਸਿੰਘ ਹਰਖੋਵਾਲ ਵਾਲਿਆਂ ਦੀ 7ਵੀਂ ਸਾਲਾਨਾ ਮਿੱਠੀ ਯਾਦ 'ਚ ਕੀਰਤਨ ਦਰਬਾਰ ਕਰਵਾਇਆ | ਡੇਰੇ ਦੇ ਮੌਜੂਦਾ ਮੁੱਖੀ ਸੰਤ ਬਾਬਾ ਭਗਵਾਨ ਸਿੰਘ ਦੀ ਜਾਣਕਾਰੀ ਅਨੁਸਾਰ ਸ਼ਾਮ 6 ਵਜੋਂ ਤੋਂ ਰਾਤ 10 ਵਜੇ ਤੱਕ ਗੁਰਦੁਆਰਾ ਸਾਹਿਬ ਦੇ ਮੁੱਖ ਦੀਵਾਨ ਹਾਲ ਵਿਖੇ ਸ਼ਾਮ ਦੇ ਦੀਵਾਨ ਕੀਰਤਨ ਦਰਬਾਰ ਦੇ ਰੂਪ ਵਿਚ ਸਜਾਏ ਗਏ, ਜਿਸ ਵਿਚ ਭਾਈ ਗੁਰਸ਼ਰਨ ਸਿੰਘ ਲੁਧਿਆਣੇ ਵਾਲੇ, ਭਾਈ ਦਿਲਬਾਗ ਸਿੰਘ ਗੁਰਦਾਸਪੁਰੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਬੀਬੀ ਬਲਜਿੰਦਰ ਕੌਰ ਖਡੂਰ ਸਾਹਿਬ, ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਅੰਮਿ੍ਤਪਾਲ ਸਿੰਘ ਤੇ ਭਾਈ ਲਵਪ੍ਰੀਤ ਸਿੰਘ ਨੇ ਗੁਰਬਾਣੀ ਕੀਰਤਨ ਅਤੇ ਕਥਾਵਾਚਕਾਂ ਨੇ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕੀਤਾ | ਇਨ੍ਹਾਂ ਤੋਂ ਇਲਾਵਾ ਗੁਰੂ ਕਿ੍ਪਾ ਅਕੈਡਮੀ ਦੇ ਬੱਚਿਆਂ ਨੇ ਵੀ ਰਸਭਿੰਨੇ ਕੀਰਤਨ ਦੀ ਛਹਿਬਰ ਲਾਈ | ਸਮਾਗਮ ਦੌਰਾਨ ਸਿਮਰਨ ਸਾਧਨਾ ਪ੍ਰਵਾਰ ਵਲੋਂ ਸੰਤ ਬਾਬਾ ਭਗਵਾਨ ਸਿੰਘ ਨੂੰ ਸਿੱਖ ਪੰਥ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ | ਇਸ ਮੌਕੇ ਸੰਤ ਭਗਵਾਨ ਸਿੰਘ ਨੇ ਆਉਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਤੋਂ 12 ਮਾਰਚ ਤੱਕ ਨਿਰੰਤਰ 36 ਘੰਟੇ ਤੱਕ ਚੱਲਣ ਵਾਲੇ ਮਹਾਨ ਗੁਰਮਤਿ ਸਮਾਗਮਾਂ ਵਿਚ ਰੈਣ ਸਬਾਈ ਕੀਰਤਨ, ਕਵੀ ਦਰਬਾਰ, ਕਥਾ ਵਿਚਾਰਾਂ, ਸੰਤ ਸਮਾਗਮ ਤੇ ਹੋਰ ਗੁਰਮਤਿ ਵੀਚਾਰਾਂ ਵੀ ਹੋਣਗੀਆਂ | ਜਿਸ 'ਚ ਪੰਥ ਪ੍ਰਸਿੱਧ ਰਾਗੀ ਜੱਥਿਆਂ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਸੰਤ ਮਹਾਂਪੁਰਸ਼ ਵੀ ਸ਼ਮੂਲੀਅਤ ਕਰਨਗੇ | ਉਨ੍ਹਾਂ ਕਿਹਾ ਕਿ 11 ਮਾਰਚ ਨੂੰ ਸਵੇਰੇ 12 ਵਜੇ ਅੰਮਿ੍ਤ ਸੰਚਾਰ ਵੀ ਹੋਵੇਗਾ | ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਅਮਿ੍ਤ ਅਭਿਲਾਖੀਆਂ ਨੂੰ ਅੰਮਿ੍ਤ ਦੀ ਛਕਾ ਕੇ ਗੁਰੂ ਵਾਲੇ ਬਣਾਉਣਗੇ | ਗੁਰਦੁਆਰਾ ਡੇਰਾ ਸੰਤਗੜ ਵਲੋਂ ਕਕਾਰ ਭੇਟਾ ਰਹਿਤ ਦਿੱਤੇ ਜਾਣਗੇ |