ਜਲੰਧਰ, 10 ਮਾਰਚ (ਸ਼ਿਵ)-ਮੇਅਰ ਵਨੀਤ ਧੀਰ ਵਲੋਂ ਐਨ. ਐੱਚ. ਆਈ. ਏ. ਦੇ ਅਧਿਕਾਰੀਆਂ ਤੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਤੋਂ ਮਸਲਾ ਉਠਾਏ ਜਾਣ ਤੋਂ ਬਾਅਦ ਹੁਣ ਹਾਈਵੇ ਅਥਾਰਿਟੀ ਵਲੋਂ ਵੀ ਹਾਈਵੇ ਦੇ ਕੋਲ ਸਰਵਿਸ ਲੇਨ ਨੂੰ ਬਣਾਉਣ ਦਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੀ ਹਾਲਤ ਕਾਫੀ ਖ਼ਰਾਬ ਸੀ ਸਗੋਂ ਬਰਸਾਤਾਂ 'ਚ ਲੋਕਾਂ ਦਾ ਲੰਘਣਾ ਤਾਂ ਬੰਦ ਹੋ ਜਾਂਦਾ ਸੀ ਸਗੋਂ ਨਾਲ ਵਾਲੀਆਂ ਗਲੀਆਂ 'ਚ ਪਾਣੀ ਭਰ ਜਾਂਦਾ ਸੀ | ਮੇਅਰ ਵਨੀਤ ਧੀਰ ਨੇ ਇਸ ਨੂੰ ਲੈ ਕੇ ਕਈ ਬਾਰ ਹਾਈਵੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਸੀ ਕਿ ਭਾਰੀ ਟੋਲ ਵਸੂਲੀ ਕਰਨ ਦੇ ਬਾਵਜੂਦ ਜਲੰਧਰ ਤੋਂ ਨਿਕਲਦੇ ਹਾਈਵੇ ਤੇ ਸਰਵਿਸ ਲੇਨ ਦੀ ਹਾਲਤ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਹੈ | ਹੁਣ ਹਾਈਵੇ ਅਥਾਰਿਟੀ ਵਲੋਂ ਟਰਾਂਸਪੋਰਟ ਨਗਰ ਤੇ ਫੋਕਲ ਪੁਆਇੰਟ ਦੇ ਸਾਹਮਣੇ ਇੰਟਰਲਾਕ ਟਾਈਲਾਂ ਦੀ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਿਥੇ ਕਿ ਸਰਵਿਸ ਸੜਕ ਕਾਫੀ ਖ਼ਰਾਬ ਸੀ | ਪਿਛਲੇ ਸਾਲ ਗਈਆਂ ਬਰਸਾਤਾਂ ਦੌਰਾਨ ਸਰਵਿਸ ਲੇਨ ਦੀ ਹਾਲਤ ਨੂੰ ਠੀਕ ਕਰਨ ਲਈ ਮੇਅਰ ਵਲੋਂ ਹੀ ਕਈ ਥਾਵਾਂ ਤੋਂ ਮਲਬਾ ਹਟਵਾਇਆ ਗਿਆ ਸੀ ਤਾਂ ਖੜੇ੍ਹ ਪਾਣੀ ਦੀ ਨਿਕਾਸੀ ਕਰਵਾਈ ਗਈ ਸੀ | ਹਾਈਵੇ ਅਥਾਰਿਟੀ ਵਲੋਂ ਚਾਹੇ ਇੰਟਰਲਾਕ ਟਾਈਲਾਂ ਨਾਲ ਕਈ ਥਾਵਾਂ ਦੀ ਸਰਵਿਸ ਲੇਨ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਪਰ ਇੰਟਰਲਾਕ ਟਾਈਲਾਂ ਵਾਲੀ ਸਰਵਿਸ ਲੇਨ 'ਤੇ ਜੇਕਰ ਜ਼ਿਆਦਾ ਭਾਰੀ ਸਾਮਾਨ ਵਾਲੀਆਂ ਗੱਡੀਆਂ ਚੱਲਦੀਆਂ ਹਨ ਤਾਂ ਇਸ ਨਾਲ ਸੜਕ ਦੀ ਮਜ਼ਬੂਤੀ 'ਤੇ ਅਸਰ ਪੈਂਦਾ ਹੈ | ਓਧਰ ਮੇਅਰ ਵਨੀਤ ਧੀਰ ਨੇ ਦੱਸਿਆ ਕਿ ਜਲੰਧਰ ਤੋਂ ਨਿਕਲਦੇ ਹਾਈਵੇ ਦੀ ਸਰਵਿਸ ਲੇਨ ਦੀ ਮੁਰੰਮਤ ਕਰਨ ਦਾ ਕੰਮ ਉਕਤ ਅਥਾਰਿਟੀ ਦਾ ਹੈ ਤੇ ਅਧਿਕਾਰੀਆਂ ਵਲੋਂ ਭਰੋਸਾ ਦਿੱਤਾ ਗਿਆ ਹੈ ਕਿ ਬਾਕੀ ਰਹਿੰਦੇ ਕੰਮ ਵੀ ਸਮੇਂ ਸਿਰ ਪੂਰੇ ਕੀਤੇ ਜਾਣਗੇ | ਉਨਾਂ ਕਿਹਾ ਕਿ ਨਿਗਮ ਅਧਿਕਾਰੀ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਹਨ |