ਜਲੰਧਰ, 1 ਅਪ੍ਰੈਲ (ਐੱਮ. ਐੱਸ. ਲੋਹੀਆ) ਦੁਰਲੱਭ ਬਲੱਡ ਗਰੁੱਪ ਵਾਲੀ ਗਰਭਵਤੀ ਔਰਤ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਦੇ ਜਣੇਪੇ ਦੌਰਾਨ ਜਿੱਥੇ ਵੱਡਾ ਖ਼ਤਰਾ ਬਣ ਗਿਆ, ਉੱਥੇ ਉਸ ਦੀ ਜ਼ਰੂਰਤ ਅਨੁਸਾਰ ਖੂਨ ਮਿਲਣ ਦੀ ਵੀ ਵੱਡੀ ਸਮੱਸਿਆ ਬਣ ਗਈ | ਇਸ ਕੇਸ ਨੂੰ ਚੁਣੌਤੀ ਦੇ ਤੌਰ 'ਤੇ ਲੈਂਦੇ ਹੋਏ ਔਰਤਾਂ ਦੇ ਰੋਗਾਂ ਦੀ ਮਾਹਿਰ ਡਾ. ਕਮਲਜੀਤ ਕੌਰ ਨੇ ਆਪਣੀ ਡਾਕਟਰਾਂ ਦੀ ਟੀਮ ਦੇ ਸਹਿਯੋਗ ਅਤੇ ਆਪਸੀ ਤਾਲਮੇਲ ਦੇ ਨਾਲ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਇਆ | ਗਾਇਨਾਕੋਲੋਜਿਸਟ ਡਾ. ਕਮਲਜੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਕੋਲ ਇਕ ਔਰਤ ਜਣੇਪੇ ਲਈ ਆਈ, ਜਿਸ ਦਾ ਤੀਸਰੀ ਵਾਰ ਸਜੇਰੀਅਨ ਆਪ੍ਰੇਸ਼ਨ ਹੋਣਾ ਸੀ | ਉਨ੍ਹਾਂ ਕਿਹਾ ਕਿ ਜਦੋਂ ਔਰਤ ਦੀ ਜਾਂਚ ਕੀਤੀ ਗਈ, ਤਾਂ ਉਸ 'ਚ ਖੂਨ ਦੀ ਕਮੀ ਪਾਈ ਗਈ, ਜੋ ਕਿ ਉਸ ਦੇ ਜਣੇਪੇ ਦੌਰਾਨ ਵੱਡਾ ਖ਼ਤਰਾ ਹੋ ਸਕਦਾ ਸੀ | ਉਨ੍ਹਾਂ ਜਦੋਂ ਖੂਨ ਦੇ ਗਰੁੱਪ ਦੀ ਜਾਂਚ ਕੀਤੀ, ਤਾਂ ਪਾਇਆ ਕਿ ਔਰਤ ਦਾ ਬਲੱਡ ਗਰੁੱਪ 'ਬੰਬੇ ਪਾਜ਼ੀਟਿਵ' ਹੈ, ਜੋ ਕਿ ਬਹੁਤ ਹੀ ਦੁਰਲੱਭ ਹੈ | ਉਨ੍ਹਾਂ ਮਰੀਜ਼ ਨੂੰ ਹੌਂਸਲਾ ਦਿੱਤਾ ਅਤੇ ਤੁਰੰਤ ਆਪਣੇ ਡਾਕਟਰਾਂ ਦੀ ਟੀਮ ਜਿਸ 'ਚ ਡਾ. ਨਿਸ਼ਾਂਤ ਸੈਣੀ, ਡਾ. ਸੰਜੇ ਛਾਬੜਾ ਅਤੇ ਡਾ. ਕਿਰਨਦੀਪ ਕੌਰ ਸ਼ਾਮਿਲ ਸਨ, ਦੇ ਸਹਿਯੋਗ ਨਾਲ ਪਹਿਲਾਂ ਮਰੀਜ਼ ਦਾ ਇਲਾਜ ਸ਼ੁਰੂ ਕੀਤਾ ਅਤੇ ਫਿਰ ਅਹਿਮਦਾਬਾਦ ਤੋਂ ਉਸ ਦੇ ਬਲੱਡ ਗਰੁੱਪ ਵਾਲੇ ਖੂਨ ਦਾ ਪ੍ਰਬੰਧ ਕਰਕੇ, ਉਸ ਨੂੰ ਹਵਾਈ ਮਾਰਗ ਰਾਹੀਂ ਮੰਗਵਾਇਆ ਅਤੇ ਜਣੇਪਾ ਸਫ਼ਲਤਾ ਪੂਰਵਕ ਅਤੇ ਸੁਰੱਖਿਅਤ ਕੀਤਾ ਗਿਆ | ਡਾ. ਕਮਲਜੀਤ ਕੌਰ ਨੇ ਦੱਸਿਆ ਕਿ ਹੁਣ ਜੱਚਾ ਅਤੇ ਬੱਚਾ ਦੋਵੇਂ ਸਿਹਤਮੰਦ ਹਨ, ਇਹ ਉਨ੍ਹਾਂ ਦੀ ਟੀਮ ਲਈ ਵੱਡੀ ਸਫ਼ਲਤਾ ਹੈ |