ਕਰਤਾਰਪੁਰ, 1 ਅਪ੍ਰੈਲ (ਜਨਕ ਰਾਜ ਗਿੱਲ)- ਕਰਤਾਰਪੁਰ ਖੇਤਰ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਨੂੰ ਘਰੇਲੂ ਗੈਸ ਦੀ ਸਪਲਾਈ ਕਰਨ ਵਾਲੀ ਇਕਲੌਤੀ ਭਾਰਤ ਗੈਸ ਏਜੰਸੀ ਦੀ ਮਾੜੀ ਹਾਲਤ ਹੋਣ ਕਾਰਨ ਖੇਤਰਾਂ ਦੇ ਲੋਕ ਪ੍ਰੇਸ਼ਾਨ ਦੇਖੇ ਜਾ ਸਕਦੇ ਹਨ | ਇੱਥੋਂ ਤੱਕ ਕਿ ਪਿੰਡਾਂ ਤੇ ਸ਼ਹਿਰ 'ਚ ਵੱਡੀ ਗਿਣਤੀ 'ਚ ਕਈ ਖਪਤਕਾਰਾਂ 'ਚ ਖਾਸ ਤੌਰ 'ਤੇ ਬਜ਼ੁਰਗਾਂ ਨੂੰ ਗੈਸ ਏਜੰਸੀ ਦੀ ਕਥਿਤ ਲਾਪਰਵਾਹੀ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੂਜੇ ਪਾਸੇ ਗੈਸ ਸਿਲੰਡਰ ਦੀ ਕਥਿਤ ਕਾਲਾ ਬਾਜਾਰੀ ਕਰਨ ਦੀਆਂ ਵੀਡੀਓ ਵਾਇਰਲ ਹੋਣ ਉਪਰੰਤ ਗੁਸਾਏ ਲੋਕ ਖੁੱਲ੍ਹ ਕੇ ਸ਼ਹਿਰ 'ਚ ਸਿਲੰਡਰਾਂ ਦੀ ਕਾਲਾ ਬਾਜ਼ਾਰੀ ਹੋਣ ਦਾ ਵਿਰੋਧ ਕਰ ਰਹੇ ਹਨ ਤੇ ਕਰਤਾਰਪੁਰ ਦੀ ਭਾਰਤ ਗੈਸ ਏਜੰਸੀ ਖੇਤਰ 'ਚ ਚਰਚਾ ਦਾ ਵਿਸ਼ਾ ਤਾਂ ਬਣੀ ਪਈ ਹੈ, ੳੱੁਥੇ ਏਜੰਸੀ ਤੋਂ ਪ੍ਰੇਸ਼ਾਨ ਲੋਕ ਗੈਸ ਸਿਲੰਡਰਾਂ ਦੀ ਪ੍ਰਾਪਤੀ ਲਈ ਕਦੇ ਸੜਕਾਂ ਤੇ ਕਦੇ ਕੌਮੀ ਰਾਜ ਮਾਰਗ ਜਾਮ ਕਰਦੇ ਹੋਏ ਆਪਣਾ ਰੋਸ ਜਾਹਿਰ ਕਰ ਰਹੇ ਹਨ | ਅੱਜ ਸਵੇਰੇ ਕੌਮੀ ਰਾਜ ਮਾਰਗ 'ਤੇ ਗੈਸ ਏਜੰਸੀ ਪ੍ਰਤੀ ਰੋਸ ਤੇ ਜਾਮ ਲਗਾਉਂਦੇ ਹੋਏ ਲੋਕਾਂ 'ਚ ਆਸ਼ਾ ਰਾਣੀ ਪਿੰਡ ਸਰਾਏ ਖਾਸ, ਕੁਲਵਿੰਦਰ ਕੌਰ, ਲਕਸ਼ਮੀ ਪਿੰਡ ਮੁਸਤਫਾਪੁਰ, ਅਮਰਜੀਤ ਕੌਰ ਵਿਸ਼ਵਕਰਮਾ ਮਾਰਕੀਟ, ਸੁੱਚਾ ਸਿੰਘ, ਧਿਆਨ ਸਿੰਘ ਪਿੰਡ ਟਾਹਲੀ ਸਾਹਿਬ, ਲਖਵਿੰਦਰ ਸਿੰਘ, ਜਸਵਿੰਦਰ ਕੌਰ, ਬੀਬੀ ਭੁਪਿੰਦਰ ਕੌਰ ਮੁਲਤਾਨੀ, ਸੂਰਜ ਯਾਦਵ, ਮੀਨਾ ਕੁਮਾਰੀ, ਸੰਗੀਤਾ ਦੇਵੀ, ਗਿਆਨ ਸਿੰਘ ਸੰਤੋਖ ਸਿੰਘ ਕਾਹਲਵਾਂ, ਸ਼ਕਤੀ ਖੋਸਲਾ ਕਾਂਗਰਸੀ ਆਗੂ ਸਮੇਤ ਦਰਜਨਾਂ ਲੋਕਾਂ ਵਲੋਂ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 'ਇਕ ਪਾਸੇ ਜਿੱਥੇ ਭਾਰਤ ਗੈਸ ਏਜੰਸੀ ਨਾਲ ਜੁੜੇ ਖਪਤਕਾਰ ਗੈਸ ਸਿਲੰਡਰ ਲੈਣ ਲਈ ਘੰਟਿਆਂ ਬੱਧੀ ਲਾਈਨਾਂ ਲਗਾ ਕੇ ਖੜੇ ਹੋਣ ਲਈ ਮਜਬੂਰ ਹੋ ਰਹੇ ਹਨ | ਦੂਜੇ ਪਾਸੇ ਘਰੇਲੂ ਗੈਸ ਸਿਲੰਡਰ ਕਥਿਤ ਤੌਰ 'ਤੇ ਕਿਸ ਦੀ ਸ਼ੈਅ 'ਤੇ 2200 ਰੁਪਏ ਤੇ ਕਮਰਸ਼ੀਅਲ ਸਲੰਡਰ 4500 ਤੱਕ ਵਿਕ ਰਹੇ ਹਨ ਤੇ ਐਕਟਿਵਾ ਸਵਾਰਾਂ ਵਲੋਂ ਕਾਲਾ ਬਾਜਾਰੀ ਦੀਆਂ ਵੀਡੀਓ ਵੀ ਵਾਇਰਲ ਸ਼ਹਿਰ 'ਚ ਚਰਚਾ ਬਣਿਆਂ ਹੋਈਆਂ ਹਨ, ਜਦਕਿ ਗੈਸ ਏਜੰਸੀ ਦੇ ਹੈਲਪਲਾਈਨ ਨੰਬਰ 'ਤੇ ਸਿਲੰਡਰ ਬੁੱਕ ਕਰਵਾਏ ਮਹੀਨੇ ਤੋਂ ਵੱਧ ਕਈਆਂ ਨੂੰ ਡੇਢ ਮਹੀਨੇ ਬੀਤ ਜਾਣ ਮਗਰੋਂ ਵੀ ਹਾਲੇ ਤੱਕ ਸਿਲੰਡਰਾਂ ਦੀ ਸਪਲਾਈ ਨਹੀਂ ਮਿਲੀ ਹੈ | ਇਸ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਅਫਸਰ ਮਨੀਸ਼ ਕੁਮਾਰ ਦਾ ਕਹਿਣਾ ਸੀ ਕਿ ਲੋਕਾਂ ਤੋਂ ਵੱਧ ਪੈਸੇ ਖਰਚਵਾ ਕੇ ਗੈਸ ਏਜੰਸੀ ਵਲੋਂ ਵੇਚੇ ਗਏ ਸਿਲੰਡਰਾਂ ਸਬੰਧੀ ਜਾਂਚ ਕਰਵਾਉਣਗੇ |