ਸ਼ਾਹਕੋਟ, 1 ਅਪ੍ਰੈਲ (ਸੁਖਦੀਪ ਸਿੰਘ)- ਫ਼ਰਦ ਕੇਂਦਰ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੀ ਵਾਅਦਾ ਖਿਲਾਫ਼ੀ ਦੇ ਸੰਬੰਧ 'ਚ ਸੂਬਾ ਪ੍ਰਧਾਨ ਰਮਨਦੀਪ ਸਿੰਘ ਚਕੇਰੀਆ ਦੀ ਅਗਵਾਈ 'ਚ ਮੀਟਿੰਗ ਕੀਤੀ ਗਈ | ਇਸ ਸੰਬੰਧੀ ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਨਾਨਕ ਰਾਮ ਸ਼ਾਹਕੋਟ ਨੇ ਦੱਸਿਆ ਕਿ ਫ਼ਰਦ ਕੇਂਦਰ ਮੁਲਾਜ਼ਮਾਂ ਦੇ ਭਵਿੱਖ ਨੂੰ ਲੈ ਕੇ ਸਰਕਾਰੇ-ਦਰਬਾਰੇ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ, ਜਿਸ ਵਿਚ ਫ਼ਰਦ ਕੇਂਦਰ ਕੰਪਿਊਟਰ ਆਪਰੇਟਰਜ਼ ਐਸੋਸੀਏਸ਼ਨ ਦੀ ਪਹਿਲੀ ਮੰਗ ਮਾਰਚ ਮਹੀਨੇ ਵਧੀ ਹੋਈ ਤਨਖਾਹ ਬਾਬਤ ਸੀ, ਉਸ ਸੰਬੰਧ 'ਚ ਵੀ ਕੋਈ ਚਿੱਠੀ-ਪੱਤਰ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ | ਦੂਸਰੀ ਮੰਗ ਸਾਡੇ ਬਰਖ਼ਾਸਤ ਸਾਥੀਆਂ ਨੂੰ ਮੁੜ ਬਹਾਲ ਕਰਨ ਸੰਬੰਧੀ ਸਹਿਮਤੀ ਬਣੀ ਸੀ, ਪਰੰਤੂ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਅਧਿਕਾਰੀਆਂ ਵੱਲੋਂ ਟਾਲਮਟੋਲ ਦਾ ਰਵੱਈਆ ਅਪਣਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮੌਜੂਦਾ ਕੰਪਨੀ ਦਾ ਟੈਂਡਰ 31 ਮਾਰਚ ਨੂੰ ਖ਼ਤਮ ਹੋ ਚੁੱਕਾ ਹੈ, ਜਿਸ ਬਾਰੇ ਆਪਰੇਟਰਜ਼ ਨੂੰ ਕੰਪਨੀ ਵੱਲੋਂ ਹੀ ਸੂਚਿਤ ਕੀਤਾ ਗਿਆ ਸੀ | ਹੁਣ 1 ਅਪ੍ਰੈਲ ਤੋਂ ਫ਼ਰਦ ਕੇਂਦਰਾਂ ਦੇ ਮੁਲਾਜ਼ਮ ਕਿਸ ਹੈਸੀਅਤ ਨਾਲ ਤੇ ਕਿਸ ਮਹਿਕਮੇ ਅਧੀਨ ਕੰਮ ਕਰਨਗੇ, ਇਸ ਬਾਰੇ ਸਰਕਾਰ ਵੱਲੋਂ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ ਹੈ | ਉਨ੍ਹਾਂ ਦੱਸਿਆ ਕਿ ਕੁੱਝ ਅਣਅਧਿਕਾਰਤ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੰਪਨੀ ਦਾ ਜ਼ੁਬਾਨੀ 31 ਮਈ, 2026 ਤੱਕ ਦਾ ਕਾਰਜਕਾਲ ਵਧਾ ਦਿੱਤਾ ਗਿਆ ਹੈ, ਉਹ ਵੀ ਬਿਨਾਂ ਕਿਸੇ ਟੈਂਡਰ ਦੇ | ਜਿਸ ਦਾ ਸਿੱਧਾ ਮਤਲਬ ਹੈ ਕਿ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇੰਨੇ ਵੱਡੇ ਪੱਧਰ 'ਤੇ ਧਾਂਦਲੀ ਹੋਣ ਜਾ ਰਹੀ ਹੈ | ਉਕਤ ਧਾਂਦਲੀ ਸੰਬੰਧੀ ਕਾਨੂੰਨੀ ਮਾਹਿਰਾਂ ਨਾਲ ਵੀ ਮਸ਼ਵਰਾ ਕੀਤਾ ਜਾ ਰਿਹਾ ਹੈ ਅਤੇ ਵਿਰੋਧ ਕਰਦੇ ਹੋਏ ਫ਼ਰਦ ਕੇਂਦਰ ਯੂਨੀਅਨ ਵਲੋਂ 4 ਤੋਂ 7 ਅਪ੍ਰੈਲ ਤੱਕ ਹੜਤਾਲ ਕੀਤੀ ਜਾ ਰਹੀ ਹੈ ਅਤੇ ਫ਼ਰਦ ਕੇਂਦਰ ਦਾ ਕੰਮ ਪੂਰਨ ਰੂਪ ਨਾਲ ਬੰਦ ਰਹੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਕੇਸ਼ ਕੁਮਾਰ, ਜ਼ਿਲ੍ਹਾ ਸਕੱਤਰ ਦਿਵਾਂਸ਼ੂ ਪੁਰੀ, ਖਜ਼ਾਨਚੀ ਅਮਰਜੀਤ, ਮੈਂਬਰ ਮੋਹਿਤ, ਸੰਧੀਰ, ਯੁਵਰਾਜ, ਸੂਬਾ ਮੀਡੀਆ ਸਕੱਤਰ ਬਲਜਿੰਦਰ ਸਿੰਘ ਸੋਨੀ ਆਦਿ ਹਾਜ਼ਰ ਸਨ |