ਜਲੰਧਰ, 7 ਅਪ੍ਰੈਲ (ਚੰਦੀਪ ਭੱਲਾ)-ਅੱਜ ਸਵੇਰੇ ਦੀ ਸ਼ੁਰੂਆਤ ਅਸਮਾਨ 'ਚ ਕਾਲੇ ਬੱਦਲਾਂ ਨਾਲ ਹੋਈ ਤੇ ਬਾਅਦ 'ਚ ਹਲਕੀਆਂ ਹਲਕੀਆਂ ਬਾਰਿਸ਼ ਦੀਆਂ ਫੁਹਾਰਾਂ ਨੇ ਮੌਸਮ 'ਚ ਇਕ ਵਾਰ ਫਿਰ ਬਦਲਾਅ ਲਿਆ ਦਿੱਤਾ ਤੇ ਲੋਕਾਂ ਨੂੰ ਠੰਢ ਦਾ ਅਹਿਸਾਸ ਕਰਵਾ ਦਿੱਤਾ | ਇਸ ਤੋਂ ਬਾਅਦ ਦਿਨ ਭਰ ਰੁਕ ਰੁਕ ਕੇ ਬਾਰਿਸ਼ ਚੱਲਦੀ ਰਹੀ, ਜਿਸ ਕਰਕੇ ਦਿਨ ਭਰ ਤਾਪਮਾਨ ਹੇਠਾਂ ਰਿਹਾ | ਬੀਤੇ ਦਿਨੀਂ ਜਿੱਥੇ ਇਕ ਪਾਸੇ ਗਰਮੀ ਕਰਕੇ ਲੋਕਾਂ ਨੇ ਪੱਖੇ ਚਲਾਈ ਰੱਖੇ ਸਨ ਅੱਜ ਇਕ ਵਾਰ ਫਿਰ ਬਾਰਿਸ਼ ਨੇ ਲੋਕਾਂ ਨੂੰ ਪੱਖੇ ਬੰਦ ਕਰਨ ਦੇ ਮਜਬੂਰ ਕਰ ਦਿੱਤਾ | ਦਿਨ ਭਰ ਰੁਕ ਰੁਕ ਕੇ ਹੁੰਦੀ ਰਹੀ ਬਰਸਾਤ ਨੇ ਜ਼ਿੰਦਗੀ ਦੀ ਰਫ਼ਤਾਰ ਨੂੰ ਮੱਠਾ ਕਰਕੇ ਰੱਖਿਆ | ਦੂਜੇ ਪਾਸੇ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਬੁੱਧਵਾਰ ਨੂੰ ਵੀ ਇਸੇ ਤਰ੍ਹਾਂ ਹੀ ਬਾਰਿਸ਼ ਹੋਣ ਅਤੇ ਬੱਦਲ ਛਾਏ ਰਹਿਣ ਦੀ ਉਮੀਦ ਹੈ ਤੇ ਉਸ ਤੋਂ ਬਾਅਦ ਫਿਰ ਮੌਸਮ ਸਾਫ਼ ਰਹੇਗਾ |