ਜਲੰਧਰ, 7 ਅਪੈ੍ਰਲ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਨੇ ਤੀਹਰੇ ਕਤਲ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਪ੍ਰਦੀਪ ਕੁਮਾਰ, ਦੀਪਕ ਕੁਮਾਰ ਪੁੱਤਰ ਵਿਜੇ ਕੁਮਾਰ, ਬਿਮਲਾ ਦੇਵੀ ਪਤਨੀ ਵਿਨੇ ਕੁਮਾਰ ਸਾਰੇ ਵਾਸੀ ਸ਼ਿਵ ਨਗਰ, ਨਾਗਰਾ ਫਾਟਕ, ਜਲੰਧਰ ਨੂੰ ਬਰੀ ਕੀਤੇ ਜਾਣ ਹੁਕਮ ਦਿੱਤਾ ਹੈ | ਇਸ ਮਾਮਲੇ 'ਚ ਮੁੱਖ ਵਿਅਕਤੀ ਸੁਨੀਲ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਸ਼ਿਵ ਨਗਰ, ਜਲੰਧਰ ਦੀ ਕੇਸ ਦੌਰਾਨ ਮੌਤ ਹੋ ਚੁੱਕੀ ਹੈ ਇਸੇ ਨੇ ਹੀ ਗੋਲੀਆਂ ਮਾਰ ਕੇ ਆਪਣੀ ਪਤਨੀ ਤੇ ਸੱਸ, ਸਹੁਰੇ ਦਾ ਕਤਲ ਕੀਤਾ ਸੀ | ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ 31 ਮਈ 2022 ਨੂੰ ਥਾਣਾ 1 ਵਿਖੇ ਕਤਲ ਦੀ ਧਾਰਾ 302, 120-ਬੀ 34, ਅਤੇ ਅਸਲ੍ਹਾ ਐਕਟ ਦੇ ਤਹਿਤ ਦੇਵ ਬੱਬਰ ਉਰਫ਼ ਦੇਵੀ ਦਿਆਲ ਪੁੱਤਰ ਅਸ਼ੋਕ ਕੁਮਾਰ ਵਾਸੀ ਸ਼ਿਵ ਨਗਰ, ਜਲੰਧਰ ਦੀ ਸ਼ਿਕਾਇਤ 'ਤੇ ਉਸ ਦੀ ਭੈਣ ਸਿੰਪੀ, ਪਿਤਾ ਅਸ਼ੋਕ ਕੁਮਾਰ ਤੇ ਮਾਤਾ ਕ੍ਰਿਸ਼ਨਾ ਦੇਵੀ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਉਸ ਦੀ ਭੈਣ ਸਿੰਪੀ ਦਾ ਵਿਆਹ ਸੁਨੀਲ ਕੁਮਾਰ ਨਾਲ ਹੋਇਆ ਸੀ ਜੋ ਉਸ ਨਾਲ ਹਮੇਸ਼ਾ ਝਗੜਾ ਕਰਦਾ ਸੀ ਤੇ ਮਾਰਕੁੱਟ ਕਰਕੇ ਉਸ ਨੂੰ ਘਰੋਂ ਕੱਢ ਦਿੰਦਾ ਸੀ ਤੇ ਦਾਜ ਲਿਆਉਣ ਲਈ ਤੰਗ ਕਰਦਾ ਸੀ, ਕਿਉਂਕਿ ਉਹ ਸ਼ਰਾਬ ਪੀਣ ਦਾ ਆਦੀ ਸੀ | ਘਟਨਾ ਵਾਲੇ ਦਿਨ ਸਿੰਪੀ ਦਾ ਫ਼ੋਨ ਆਇਆ ਕਿ ਉਸ ਦਾ ਘਰਵਾਲਾ ਉਸ ਨਾਲ ਝਗੜਾ ਕਰ ਰਿਹਾ ਹੈ | ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਆਪਣੇ ਜੀਜੇ ਸੁਨੀਲ ਕੁਮਾਰ ਨੂੰ ਸਮਝਾਉਣ ਲਈ ਉਸ ਦੇ ਘਰ ਆਪਣੇ ਪਿਤਾ ਅਸ਼ੋਕ ਕੁਮਾਰ ਤੇ ਮਾਤਾ ਕ੍ਰਿਸ਼ਨਾ ਦੇਵੀ ਨਾਲ ਗਏ ਤਾਂ ਸੁਨੀਲ ਅਤੇ ਉਸ ਦਾ ਭਰਾ ਪ੍ਰਦੀਪ ਕੁਮਾਰ ਗੇਟ ਅੰਦਰ ਖੜ੍ਹੇ ਸੀ ਤੇ ਸੁਨੀਲ ਆਪਣੀ ਪਤਨੀ ਸਿੰਪੀ ਨਾਲ ਬਹਿਸ ਕਰ ਰਿਹਾ ਸੀ | ਸੁਨੀਲ ਜੋ ਕਿ ਸਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਤੇ ਉਸ ਕੋਲ ਲਾਇਸੰਸੀ ਰਿਵਾਲਵਰ ਸੀ | ਜਦੋਂ ਅਸੀ ਅੰਦਰ ਗਏ ਤਾਂ ਸੁਨੀਲ ਕੁਮਾਰ ਨੇ ਬਹਿਸ ਕਰਦੇ ਹੋਏ ਮੇਰੀ ਭੈਣ (ਆਪਣੀ ਪਤਨੀ) ਸਿੰਪੀ, ਪਿਤਾ ਅਸ਼ੋਕ ਕੁਮਾਰ ਤੇ ਮਾਤਾ ਕ੍ਰਿਸ਼ਨਾ ਦੇਵੀ 'ਤੇ ਹੱਥ 'ਚ ਫੜੀ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਪਰ ਅੱਜ ਅਦਾਲਤ ਨੇ ਸਬੂਤਾਂ ਦੀ ਘਾਟ ਦੇ ਮੱਦੇਨਜ਼ਰ ਇਨ੍ਹਾਂ ਤਿੰਨਾਂ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ |