ਸ਼ਾਹਕੋਟ, 7 ਅਪ੍ਰੈਲ (ਦਲਜੀਤ ਸਿੰਘ ਸਚਦੇਵਾ)-ਆਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਦੇ ਸਰਪ੍ਰਸਤ ਤੇ ਏ. ਐੱਸ. ਆਈ. ਮੰਗਤ ਰਾਜ ਮੰਗਾ ਦੇ ਦਿਹਾਂਤ ਨਾਲ ਖੇਡ ਪ੍ਰੇਮੀਆਂ ਤੇ ਖਾਸ ਕਰਕੇ ਆਜ਼ਾਦ ਸਪੋਰਟਸ ਕਲੱਬ ਨੂੰ ਇਕ ਅਜਿਹਾ ਘਾਟਾ ਪਿਆ ਹੈ, ਜਿਸ ਦੀ ਪੂਰਤੀ ਕਦੇ ਨਹੀਂ ਕੀਤੀ ਜਾ ਸਕਦੀ | ਦੁੱਖ ਪ੍ਰਗਟ ਕਰਦਿਆਂ ਆਜ਼ਾਦ ਸਪੋਰਟਸ ਕਲੱਬ ਦੇ ਪ੍ਰਧਾਨ ਤੇ ਐੱਮ. ਸੀ. ਬੂਟਾ ਸਿੰਘ ਕਲਸੀ ਤੇ ਜਨਰਲ ਸਕੱਤਰ ਬਖ਼ਸ਼ੀਸ਼ ਸਿੰਘ ਝੀਤਾ ਨੇ ਕਿਹਾ ਕਿ ਮੰਗਤ ਰਾਜ ਮੰਗਾ ਕਲੱਬ ਦੀ ਰੂਹ ਸਨ | ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਖੇਡਾਂ ਦੇ ਲੇਖੇ ਲਾਈ ਤੇ ਆਜ਼ਾਦ ਸਪੋਰਟਸ ਕਲੱਬ 'ਚ ਬਹੁਤ ਹੀ ਸ਼ਾਨਦਾਰ ਤੇ ਨਿਸ਼ਕਾਮ ਸੇਵਾਵਾਂ ਨਿਭਾਈਆਂ | ਉਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਹੀ ਇਹ ਕਲੱਬ ਬੁਲੰਦੀਆਂ 'ਤੇ ਪਹੁੰਚਿਆ | ਉਨ੍ਹਾਂ ਦਾ ਫੁੱਟਬਾਲ ਖੇਡ ਨਾਲ ਖਾਸ ਲਗਾਵ ਸੀ ਤੇ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡ ਮੈਦਾਨਾਂ ਨਾਲ ਜੋੜਨ ਲਈ ਦਿਨ-ਰਾਤ ਇਕ ਕੀਤਾ | ਉਨ੍ਹਾਂ ਦੇ ਯਤਨਾਂ ਸਦਕਾ ਸ਼ਾਹਕੋਟ ਇਲਾਕੇ 'ਚ ਫੁੱਟਬਾਲ ਦੀ ਖੇਡ ਨੂੰ ਇਕ ਨਵੀਂ ਪਛਾਣ ਮਿਲੀ | ਕਲਸੀ ਨੇ ਕਿਹਾ ਕਿ ਪੰਜਾਬ ਪੁਲਿਸ 'ਚ ਸੇਵਾ ਕਰਦਿਆਂ ਵੀ ਉਨ੍ਹਾਂ ਨੇ ਕਦੇ ਵੀ ਕਲੱਬ ਦੇ ਕੰਮਾਂ ਨੂੰ ਪਿੱਛੇ ਨਹੀਂ ਰਹਿਣ ਦਿੱਤਾ | ਉਨ੍ਹਾਂ ਦੀ ਸ਼ਖ਼ਸੀਅਤ ਵਿਚ ਅਨੁਸ਼ਾਸਨ ਤੇ ਖੇਡ ਭਾਵਨਾ ਦਾ ਅਨੋਖਾ ਸੁਮੇਲ ਸੀ |