ਕਪੂਰਥਲਾ, 13 ਅਪੈ੍ਰਲ (ਸਡਾਨਾ)-ਨਵਾਬ ਜੱਸਾ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਵਲੋਂ ਪਿ੍ੰਸੀਪਲ ਸਕਿੰਦਰ ਕੌਰ ਦੀ ਅਗਵਾਈ ਹੇਠ ਇਤਿਹਾਸ ਵਿਭਾਗ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਵਿਭਾਗ ਮੁਖੀ ਪੋ੍ਰ. ਰਸਮੀ ਵਿਰਕ ਤੇ ਪ੍ਰੋ. ਅੰਮਿ੍ਤ ਕੌਰ ਦੀ ਦੇਖ-ਰੇਖ ਹੇਠ ਅੰਮਿ੍ਤਸਰ ਲਈ ਰਵਾਨਾ ਹੋਇਆ, ਜਿਨ੍ਹਾਂ ਨੂੰ ਕਾਲਜ ਪਿ੍ੰਸੀਪਲ ਵਲੋਂ ਰਵਾਨਾ ਕੀਤਾ | ਵਿੱਦਿਅਕ ਟੂਰ ਦੌਰਾਨ ਵਿਦਿਆਰਥੀਆਂ ਨੇ ਅੰਮਿ੍ਤਸਰ ਵਿਖੇ ਵਾਰ ਹੀਰੋਜ ਮੈਮੋਰੀਅਲ ਮਿਊਜ਼ੀਅਮ ਦਾ ਦੌਰਾ ਕੀਤਾ ਤੇ ਮਿਊਜ਼ੀਅਮ 'ਚ ਮੌਜੂਦ 8 ਗੈਲਰੀਆਂ ਰਾਹੀਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੋਂ ਲੈ ਕੇ ਕਾਰਗਿਲ ਯੁੱਧ ਤੱਕ ਦੇ ਇਤਿਹਾਸ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਤੇ ਸੰਜੀਵ ਰੂਪ ਵਿਚ ਸਮਝਿਆ | ਪਿ੍ੰਸੀਪਲ ਸਕਿੰਦਰ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿੱਦਿਅਕ ਟੂਰ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਅਸਲ ਜ਼ਿੰਦਗੀਆਂ ਦੇ ਅਨੁਭਵਾਂ ਨਾਲ ਜੋੜਦੇ ਹਨ | ਉਨ੍ਹਾਂ ਕਿਹਾ ਕਿ ਵਿੱਦਿਅਕ ਟੂਰ ਵਿਦਿਆਰਥੀਆਂ ਨੂੰ ਮਾਨਸਿਕ ਤੌਰ 'ਤੇ ਵੀ ਤਾਜ਼ਗੀ ਪ੍ਰਦਾਨ ਕਰਦੇ ਹਨ, ਜਿਸ ਨਾਲ ਉਹ ਪੜ੍ਹਾਈ ਵਿਚ ਹੋਰ ਧਿਆਨ ਕੇਂਦਰਿਤ ਕਰ ਸਕਦੇ ਹਨ | ਇਸ ਮੌਕੇ ਪੋ੍ਰ. ਰਸ਼ਮੀ ਵਿਰਕ, ਡਾ. ਅੰਮਿ੍ਤ ਕੌਰ, ਪੋ੍ਰ. ਜਸਪ੍ਰੀਤ ਕੌਰ, ਪ੍ਰੋ. ਦਿਲਦਾਰ ਸਿੰਘ, ਪ੍ਰੋ. ਜਗਜੀਤ ਸਿੰਘ ਤੇ ਹੋਰ ਹਾਜ਼ਰ ਸਨ |