22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਫੋਰੈਕਸ ਤੇ ਟਰੈਵਲਰ ਦੇ ਦਫ਼ਤਰ 'ਚੋਂ ਹੋਈ ਲੁੱਟ ਦੇ ਮਾਮਲੇ 'ਚ ਦੋ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 17-04-2026
ਜਲੰਧਰ, 16 ਅਪ੍ਰੈਲ (ਜਤਿੰਦਰ ਪੰਮੀ)-ਬੁੱਧਵਾਰ ਸ਼ਾਮ ਥਾਣਾ ਦੋ ਅਧੀਨ ਪੈਂਦੇ ਮੁਹੱਲਾ ਹਰਨਾਮਦਾਸਪੁਰਾ 'ਚ ਸਥਿਤ ਫੋਰੈਕਸ ਤੇ ਟਰੈਵਲਰ ਦੇ ਦਫਤਰ 'ਚੋਂ ਹੋਈ ਲੁੱਟ ਦੇ ਮਾਮਲੇ 'ਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਦੀਪ ਸਿੰਘ ਵਾਸੀ ਨਿਜ਼ਾਤਮ ਨਗਰ ਬਸਤੀ ਨੌ ਤੇ ਅੰਮਿ੍ਤਪਾਲ ਸਿੰਘ ਵਾਸੀ ਮਿੱਠੂ ਬਸਤੀ ਵਜੋਂ ਹੋਈ ਹੈ | ਮੁਲਜ਼ਮਾਂ ਕੋਲੋਂ ਵਾਰਦਾਤ 'ਚ ਵਰਤੀ ਗਈ ਐਕਟਿਵਾ ਤੇ ਲੁੱਟੀ ਗਈ ਰਾਸ਼ੀ ਬਰਾਮਦ ਕੀਤੀ ਗਈ ਹੈ | ਇਸ ਸੰਬੰਧੀ ਸੀਪੀ ਦਫਤਰ 'ਚ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਡੀ. ਸੀ. ਪੀ. ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਰਾਜਧੰਨ ਫੋਰੈਕਸ ਤੇ ਟਰੈਵਲਰ ਦੇ ਦਫਤਰ 'ਚ ਕੰਮ ਕਰਨ ਵਾਲੀ ਲੜਕੀ ਰਾਧਾ ਵਲੋਂ ਪੁਲਿਸ ਨੂੰ ਬਿਆਨ ਦਿੱਤੇ ਗਏ ਸਨ ਕਿ ਵੀਰਵਾਰ ਕਰੀਬ 3.30 ਵਜੇ ਉਹ ਦੁਕਾਨ 'ਚ ਕੰਮ ਕਰ ਰਹੀ ਸੀ ਤਾਂ ਇਕ ਮੋਨੇ ਵਿਅਕਤੀ ਨੇ ਆ ਕੇ ਦਿੱਲੀ ਤੋਂ ਸ਼ਾਰਜਾਹ ਦੀ ਟਿਕਟ ਬੁਕਿੰਗ ਤੇ ਯੂ. ਐੱਸ. ਡਾਲਰ ਦੇ ਰੇਟ ਪੁੱਛਿਆ | ਜਦੋਂ ਉਹ ਰੇਟ ਬਾਰੇ ਦੱਸਣ ਲੱਗੀ ਤਾਂ ਇੰਨੇ ਨੂੰ ਉਸ ਦਾ ਦੂਜਾ ਸਾਥੀ ਵੀ ਉਸ ਦੇ ਨੇੜੇ ਆ ਗਿਆ ਤਾਂ ਪਹਿਲੇ ਵਿਅਕਤੀ ਨੇ ਇਕ ਹੱਥ ਨਾਲ ਉਸ ਦਾ ਮੰੂਹ ਬੰਦ ਕਰ ਦਿੱਤਾ ਤੇ ਦੂਜੇ ਹੱਥ ਨਾਲ ਗੱਲੇ 'ਚ ਪਏ 1.9 ਲੱਖ ਰੁਪਏ ਕੱਢ ਲਏ ਤੇ ਫਰਾਰ ਹੋ ਗਏ | ਡੀ. ਸੀ. ਪੀ. ਢਿੱਲੋਂ ਨੇ ਅੱਗੇ ਦੱਸਿਆ ਕਿ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਏ. ਡੀ. ਸੀ. ਪੀ. ਆਕਰਸ਼ੀ ਜੈਨ, ਏ. ਸੀ. ਪੀ. ਸੈਂਟਰਲ ਅਜੇ ਸਿੰਘ ਤੇ ਥਾਣਾ ਡਵੀਜ਼ਨ ਨੰਬਰ 2 ਦੇ ਮੁਖੀ ਜਸਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ | ਪੁਲਿਸ ਵਲੋਂ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਜਾਂਚਣ ਦੇ ਨਾਲ ਹੀ ਆਸ-ਪਾਸ ਦੇ ਲੋਕਾਂ ਤੋਂ ਕੀਤੀ ਗਈ ਪੁੱਛਗਿੱਛ ਉਪਰੰਤ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਸ ਦੇ ਨਾਲ ਮੁਲਜ਼ਮਾਂ ਕੋਲੋਂ ਵਾਰਦਾਤ 'ਚ ਵਰਤੀ ਗਈ ਐਕਟਿਵਾ ਤੇ ਲੁੱਟੀ ਗਈ ਰਾਸ਼ੀ 'ਚੋਂ ਕੁਝ ਰਕਮ ਵੀ ਬਰਾਮਦ ਕੀਤੀ ਗਈ ਹੈ | ਡੀ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਦੇ ਨਾਲ ਵਾਰਦਾਤ ਕਰਨ ਮੌਕੇ ਉਨ੍ਹਾਂ ਦਾ ਤੀਜਾ ਸਾਥੀ ਵੀ ਸ਼ਾਮਿਲ ਸੀ | ਉਸ ਨੂੰ ਕਾਬੂ ਕਰਨ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ | ਮੁਲਜ਼ਮਾਂ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 2 ਵਿਚ ਕੇਸ ਦਰਜ ਕਰ ਲਿਆ ਗਿਆ ਹੈ | ਡੀ. ਸੀ. ਪੀ. ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਅਪਰਾਧਕ ਮਾਮਲੇ ਦਰਜ ਹਨ | ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਦੀਆਂ ਸਾਹ ਨਾਲ ਸੰਬੰਧਤ ਬਿਮਾਰੀਆਂ 'ਤੇ ਚਰਚਾ ਲਈ ਕਾਨਫ਼ਰੰਸ 19 ਨੂੰ -ਡਾ. ਰੰਧਾਵਾ ਅਗਲੀ ਖ਼ਬਰ ਬੰਬੀਆਂਵਾਲ ਵਿਖੇ ਅੱਖਾਂ ਦਾ ਮੁਫ਼ਤ ਕੈਂਪ 19 ਨੂੰ -ਸਰਜੀਵਨ ਸਿੰਘ
Ad Position 24