ਲਾਂਬੜਾ, 18 ਅਪ੍ਰੈਲ (ਪਰਮੀਤ ਗੁਪਤਾ/ਗੁਰਮੇਲ ਸਿੰਘ)-ਜਲੰਧਰ ਕਾਲਾ ਸੰਘਿਆਂ ਮੁੱਖ ਸੜਕ 'ਤੇ ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਧਾਲੀਵਾਲ ਕਾਦੀਆਂ ਵਿਖੇ ਝੁੱਗੀ ਝੌਂਪੜੀਆਂ ਵਿਚ ਸਨਿਚਰਵਾਰ ਸਵੇਰ ਅੱਗ ਲੱਗ ਜਾਣ ਕਾਰਨ 20 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ | ਜਾਣਕਾਰੀ ਮੁਤਾਬਕ ਝੁੱਗੀਆਂ ਵਿਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰਦਿਆਂ ਨੇੜੇ ਸਥਿਤ ਕਬਾੜ ਦੇ ਗੁਦਾਮ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ | ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕਾਂ ਵਲੋਂ ਫਾਇਰ ਬਿ੍ਗੇਡ ਅਤੇ ਥਾਣਾ ਲਾਂਬੜਾ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ | ਘਟਨਾ ਸੰਬੰਧੀ ਥਾਣਾ ਲਾਂਬੜਾ ਮੁਖੀ ਸਬ ਇੰਸਪੈਕਟਰ ਗੁਰਮੀਤ ਰਾਮ ਨੇ ਦੱਸਿਆ ਕਿ ਪਿੰਡ ਧਾਲੀਵਾਲ ਕਾਦੀਆਂ ਵਿਖੇ 20 ਦੇ ਕਰੀਬ ਝੁੱਗੀਆਂ ਵਿਚ ਪ੍ਰਵਾਸੀ ਮਜ਼ਦੂਰ ਜੋ ਕਿ ਕਿਸੇ ਕੰਮ ਕਾਰਨ ਵਾਪਸ ਉੱਤਰ ਪ੍ਰਦੇਸ਼ ਗਏ ਹੋਏ ਸੀ ਅਤੇ ਹੁਣ ਝੁੱਗੀਆਂ ਵਿਚ ਮਹਿਜ਼ ਤਿੰਨ ਔਰਤਾਂ ਅਤੇ ਦੋ ਬੱਚੇ ਹੀ ਸਨ ਕਿ ਸਨਿਚਰਵਾਰ ਸਵੇਰ ਅਚਾਨਕ ਕਿਸੇ ਝੁੱਗੀ ਵਿਚ ਅੱਗ ਲੱਗ ਗਈ | ਝੁੱਗੀ ਵਿਚ ਅੱਗ ਲੱਗੀ ਦੇਖ ਮੌਕੇ 'ਤੇ ਮੌਜੂਦ ਔਰਤਾਂ ਵਲੋਂ ਰੌਲਾ ਪਾਇਆ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ 20 ਦੇ ਕਰੀਬ ਝੁੱਗੀਆਂ ਤੇ ਨਾਲ ਸਥਿਤ ਕਬਾੜ ਦੇ ਗੁਦਾਮ ਨੂੰ ਆਪਣੀ ਲਪੇਟ ਵਿਚ ਲੈ ਲਿਆ | ਥਾਣਾ ਮੁਖੀ ਨੇ ਦੱਸਿਆ ਕਿ ਝੁੱਗੀਆਂ ਵਿਚ ਲੱਗੀ ਅੱਗ ਕਾਰਨ ਝੁੱਗੀਆਂ ਵਿਚ ਪਏ ਹੋਏ ਦੋ ਤੋਂ ਤਿੰਨ ਗੈਸ ਦੇ ਸਿਲੰਡਰ ਦੀ ਬਲਾਸਟ ਹੋ ਗਏ ਅਤੇ ਫਾਇਰ ਬਿ੍ਗੇਡ ਦੀਆਂ ਦੋ ਦਰਜਨ ਦੇ ਕਰੀਬ ਗੱਡੀਆਂ ਵਲੋਂ ਘੰਟਿਆਂ ਦੀ ਮੁਸ਼ੱਕਤ ਦੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ |