ਜਲੰਧਰ, 18 ਅਪ੍ਰੈਲ (ਪਵਨ ਖਰਬੰਦਾ)-ਦੁਆਬਾ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੀ ਸੁਚੱਜੀ ਤੇ ਸੁਯੋਗ ਅਗਵਾਈ ਹੇਠ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ | ਇਸ ਦਾ ਸ਼ੁੱਭ ਆਰੰਭ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਗੁਰਬਾਣੀ ਦੇ ਸ਼ਬਦ ਕੀਰਤਨ ਨਾਲ ਕੀਤਾ | ਇਸ ਮੌਕੇ ਵਿਦਿਆਰਥੀਆਂ ਨੇ ਖ਼ਾਲਸਾ ਸਾਜਨਾ ਦਿਵਸ ਦੇ ਇਤਿਹਾਸਕ ਪੱਖ ਪੰਜ ਪਿਆਰਿਆਂ ਦੀ ਸਟੇਜ ਉਪਰ, ਆਮਦ, ਕਵਿਤਾਵਾਂ, ਲੋਕ ਗੀਤ, ਕਿਰਸਾਨੀ ਜੀਵਨ ਨੂੰ ਦਰਸਾਉਂਦੀ ਸਕਿਟ, ਲੋਕ ਨਾਚ ਆਦਿ ਪੇਸ਼ਕਾਰੀ ਨੇ ਸਾਰਿਆਂ ਦਾ ਮਨ ਮੋਹ ਲਿਆ | ਇਸ ਸਮੇਂ ਪੰਜਾਬੀ ਸੱਭਿਆਚਾਰ ਦੇ ਅਲੋਪ ਹੋ ਰਹੇ ਸਭਿਆਚਾਰਕ ਵਿਰਸੇ, ਪਹਿਲਵਾਨਾਂ ਦਾ ਅਖਾੜਾ, ਰਿੰਗ ਗੇਮ, ਘੜੇ ਵਾਲੀ ਲਾਟਰੀ, ਗੋਲ ਗੱਪੇ, ਬਰਗਰ, ਜਲੇਬੀਆਂ, ਪਕੌੜਿਆਂ ਦਾ ਸਟਾਲ, ਚਾਟੀ ਵਾਲੀ ਲੱਸੀ ਆਦਿ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ | ਇਸ ਮੌਕੇ ਮੈਨੇਜਰ ਜਸਜੀਤ ਸਿੰਘ ਰਾਏ, ਮਨਜੀਤ ਸਿੰਘ, ਸੁਖਵਿੰਦਰ ਸਿੰਘ ਕਮੇਟੀ ਮੈਂਬਰਾਨ, ਪਿ੍ੰਸੀਪਲ ਹਰਮਿੰਦਰ ਸਿੰਘ ਅਟਵਾਲ, ਪਿ੍ੰਸੀਪਲ ਤੇਗਾ ਸਿੰਘ ਸੰਧੂ, ਪਿ੍ੰਸੀਪਲ ਸ੍ਰੀਮਤੀ ਦਲਜੀਤ ਕੌਰ, ਵਾਈਸ ਪਿ੍ੰਸੀਪਲ ਸ੍ਰੀਮਤੀ ਸੁਮਨ ਸਲਵਾਨ, ਸ਼ਹਿਰ ਦੇ ਪਤਵੰਤੇ ਸੱਜਣ ਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ | ਅੰਤ 'ਚ ਜਸਜੀਤ ਸਿੰਘ ਰਾਏ ਨੇ ਸਾਰਿਆਂ ਨੂੰ ਸਕੂਲ ਪਹੁੰਚਣ 'ਤੇ ਮੋਹ ਭਿੱਜੇ ਸ਼ਬਦਾਂ ਵਿਚ ਜੀ ਆਇਆਂ ਆਖਦਿਆਂ ਸਟਾਫ ਨੂੰ ਅਜਿਹਾ ਮਿਆਰੀ ਸਮਾਗਮ ਕਰਵਾਉਣ ਲਈ ਹੱਲਾਸ਼ੇਰੀ ਦਿੰਦਿਆਂ ਧੰਨਵਾਦ ਕੀਤਾ |