ਚੁਗਿੱਟੀ/ਜੰਡੂਸਿੰਘਾ, 19 ਅਪ੍ਰੈਲ (ਨਰਿੰਦਰ ਲਾਗੂ)- ਥਾਣਾ ਰਾਮਾਮੰਡੀ ਅਧੀਨ ਆਉਂਦੇ ਖੇਤਰ ਮੁਸਲਿਮ ਕਾਲੋਨੀ ਵਿਖੇ ਇਕ ਵਿਆਹ ਸਮਾਗਮ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋ ਧਿਰਾਂ ਆਪਸ 'ਚ ਭਿੜ ਗਈਆਂ | ਇਸ ਦੌਰਾਨ ਤੈਸ 'ਚ ਆਏ ਵਿਅਕਤੀਆਂ ਵਲੋਂ ਇਕ-ਦੂਜੇ ਨੂੰ ਕੁੱਟਿਆ ਮਾਰਿਆ ਵੀ ਗਿਆ | ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਗਰਮਾ-ਗਰਮੀ ਬੀਤੀ ਦੇਰ ਰਾਤ ਹੋਈ | ਉਸ ਤੋਂ ਬਾਅਦ ਇਕ ਧਿਰ ਜੋ ਕਿ ਫਗਵਾੜਾ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ, ਵਲੋਂ ਉਕਤ ਮੁਹੱਲੇ 'ਚ ਆ ਕੇ ਵਿਆਹ ਵਾਲੇ ਘਰ ਦੇ ਜੀਆਂ 'ਤੇ ਹਮਲਾ ਕਰ ਦਿੱਤਾ ਗਿਆ ਤੇ ਇਸ ਦੌਰਾਨ ਉਨ੍ਹਾਂ ਵਲੋਂ ਇਕ-ਦੂਜੇ 'ਤੇ ਇੱਟਾਂ ਪੱਥਰ ਵੀ ਵਰਾਏ ਗਏ | ਉਧਰ ਇਸ ਸੰਬੰਧੀ ਇਤਲਾਹ ਮਿਲਣ 'ਤੇ ਮੌਕੇ 'ਤੇ ਪਹੁੰਚੀ ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ | ਜਾਣਕਾਰੀ ਲੈਣ ਲਈ ਜਦੋਂ ਐਸ.ਆਈ. ਸੁਖਦੇਵ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਕਤ ਮੁਹੱਲੇ 'ਚ ਇਕ ਲੜਕੇ ਦਾ ਵਿਆਹ ਸਮਾਗਮ ਸੀ, ਜਿਥੇ ਕਿ ਫਗਵਾੜੇ ਨਾਲ ਸੰਬੰਧਿਤ ਕੁਝ ਵਿਅਕਤੀਆਂ ਵਲੋਂ ਡੀ.ਜੇ. ਲਗਾਇਆ ਗਿਆ ਸੀ | ਉਨ੍ਹਾਂ ਨਾਲ ਵਿਆਹ ਵਾਲੇ ਪਰਿਵਾਰ 'ਚੋਂ ਇਕ ਜੀਅ ਦੀ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ, ਜਿਸ ਤੋਂ ਬਾਅਦ ਗੱਲ ਲੜਾਈ ਤੱਕ ਪਹੁੰਚ ਗਈ | ਉਨ੍ਹਾਂ ਕਿਹਾ ਕਿ ਸਾਰੀ ਘਟਨਾ ਉਕਤ ਥਾਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਰਿਕਾਰਡ ਹੋ ਗਈ ਹੈ | ਉਨ੍ਹਾਂ ਆਖਿਆ ਕਿ ਦੋਨੋਂ ਧਿਰਾਂ ਦੇ ਵਿਅਕਤੀ ਆਪੋ-ਆਪਣੇ ਘਰਾਂ 'ਚੋਂ ਫਰਾਰ ਹਨ | ਉਨ੍ਹਾਂ ਦੀ ਗਿ੍ਫ਼ਤਾਰੀ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਫਿਲਹਾਲ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ |