ਮਕਸੂਦਾਂ, 19 ਅਪ੍ਰੈਲ (ਸੌਰਵ ਮਹਿਤਾ)-ਅੰਮਿ੍ਤਸਰ-ਜਲੰਧਰ ਮੁੱਖ ਮਾਰਗ 'ਤੇ ਪਠਾਨਕੋਟ ਚੌਕ ਨੇੜੇ ਹੋਟਲ ਰਣਵੀਰ ਕਲਾਸਿਕ ਦੇ ਬਾਹਰ ਅੱਜ ਦੁਪਹਿਰ ਵਾਪਰੇ ਇਕ ਸੜਕ ਹਾਦਸੇ 'ਚ 13 ਸਾਲਾ ਵੰਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਮਾਂ ਤੇ ਤਕਰੀਬਨ 10-11 ਸਾਲ ਦੀ ਛੋਟੀ ਭੈਣ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ | ਜਾਣਕਾਰੀ ਅਨੁਸਾਰ ਵੰਸ਼ ਆਪਣੀ ਮਾਤਾ ਤੇ ਛੋਟੀ ਭੈਣ ਦੇ ਨਾਲ ਐਕਟੀਵਾ 'ਤੇ ਕਰਤਾਰਪੁਰ ਤੋਂ ਬੰਗਾ ਵੱਲ ਜਾ ਰਿਹਾ ਸੀ | ਜਿਵੇਂ ਹੀ ਉਹ ਪਠਾਨਕੋਟ ਚੌਕ ਨੇੜੇ ਹੋਟਲ ਰਣਵੀਰ ਕਲਾਸਿਕ ਕੋਲ ਪਹੁੰਚੇ, ਤਦੋਂ ਜੰਮੂ ਨੰਬਰ ਦੇ ਇਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ | ਟੱਕਰ ਇੰਨੀ ਭਿਆਨਕ ਸੀ ਕਿ ਵੰਸ਼ ਟਰੱਕ ਹੇਠਾਂ ਆ ਗਿਆ ਅਤੇ ਉਸ ਦੀ ਮੌਤ ਮੌਕੇ 'ਤੇ ਹੀ ਹੋ ਗਈ, ਜਦਕਿ ਉਸ ਦੀ ਮਾਂ ਤੇ ਭੈਣ ਨੂੰ ਗੰਭੀਰ ਸੱਟਾਂ ਲੱਗੀਆਂ | ਦੋਵੇਂ ਜ਼ਖ਼ਮੀਆਂ ਨੂੰ ਤੁਰੰਤ ਨਜ਼ਦੀਕੀ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ | ਦੱਸਿਆ ਜਾ ਰਿਹਾ ਹੈ ਕਿ ਸੰਬੰਧਤ ਟਰੱਕ ਸ੍ਰੀਨਗਰ ਵਲੋਂ ਆ ਰਿਹਾ ਸੀ | ਹਾਦਸੇ ਤੋਂ ਬਾਅਦ ਰਾਹਗੀਰਾਂ ਵਲੋਂ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ | ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਇਤਲਾਹ ਦਿੱਤੀ | ਥਾਣਾ ਡਵੀਜ਼ਨ ਨੰਬਰ ਅੱਠ ਦੇ ਮੁਖੀ ਸਾਹਿਲ ਚੌਧਰੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ | ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਟਰੱਕ ਤੇ ਉਸ ਦੇ ਡਰਾਈਵਰ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਡਰਾਈਵਰ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਪਰਿਵਾਰਕ ਸੂਤਰਾਂ ਮੁਤਾਬਕ ਵੰਸ਼ ਬਚਪਨ ਤੋਂ ਹੀ ਆਪਣੇ ਨਾਨਕਿਆਂ ਕੋਲ ਕਰਤਾਰਪੁਰ ਵਿਚ ਰਹਿੰਦਾ ਸੀ | ਹਾਲ ਹੀ ਵਿਚ ਉਹ ਅੱਠਵੀਂ ਕਲਾਸ ਪਾਸ ਕਰਕੇ ਨੌਵੀਂ ਵਿਚ ਦਾਖਲ ਹੋਇਆ ਸੀ | ਉਸ ਦੇ ਦਾਦਕੇ ਬੰਗਾ ਵਿਚ ਹਨ | ਵਿਸਾਖੀ ਦੇ ਮੇਲੇ ਮੌਕੇ ਉਸ ਦੀ ਮਾਤਾ ਤੇ ਛੋਟੀ ਭੈਣ ਬੰਗਾ ਤੋਂ ਕਰਤਾਰਪੁਰ ਆਪਣੇ ਪੇਕੇ ਘਰ ਆਏ ਹੋਏ ਸਨ | ਅੱਠਵੀਂ ਪਾਸ ਕਰਨ ਦੀ ਖੁਸ਼ੀ 'ਚ ਵੰਸ਼ ਕੁਝ ਦਿਨਾਂ ਲਈ ਆਪਣੇ ਦਾਦਕੇ ਘਰ ਬੰਗਾ ਜਾਣ ਲਈ ਨਿਕਲਿਆ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਰਸਤੇ ਵਿਚ ਇਹ ਭਿਆਨਕ ਹਾਦਸਾ ਵਾਪਰ ਗਿਆ | ਮੌਕੇ 'ਤੇ ਮੌਜੂਦ ਰਾਹਗੀਰਾਂ ਦੇ ਅਨੁਸਾਰ ਹਾਦਸੇ ਦੌਰਾਨ ਟਰੱਕ ਡਰਾਈਵਰ ਵਲੋਂ ਵਾਹਨ 'ਤੇ ਕਾਬੂ ਨਹੀਂ ਕੀਤਾ ਜਾ ਸਕਿਆ, ਜਿਸ ਕਾਰਨ ਟੱਕਰ ਕਾਫ਼ੀ ਭਿਆਨਕ ਹੋ ਗਈ | ਹਾਦਸੇ ਤੋਂ ਬਾਅਦ ਸੜਕ 'ਤੇ ਲੰਮਾ ਜਾਮ ਲੱਗ ਗਿਆ, ਜਿਸ ਨਾਲ ਆਵਾਜਾਈ ਬਹੁਤ ਪ੍ਰਭਾਵਿਤ ਹੋਈ |