ਅੰਮਿ੍ਤਸਰ, (ਸੁਰਿੰਦਰ ਕੋਛੜ)-ਅਮਰੀਕੀ ਤੇ ਈਰਾਨੀ ਪ੍ਰਤੀਨਿਧੀਆਂ ਵਿਚਾਲੇ ਸ਼ਾਂਤੀ ਗੱਲਬਾਤ ਦੀ ਮੇਜ਼ਬਾਨੀ ਕਰਨ ਵਾਲੇ ਪਾਕਿ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਵਿਦੇਸ਼ੀ ਵਫ਼ਦਾਂ ਦੇ ਇਸਲਾਮਾਬਾਦ ਪਹੁੰਚਣ ਤੋਂ ਪਹਿਲਾਂ ਸੁਰੱਖਿਆ ਦੀਆਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਸੰਘੀ ਰਾਜਧਾਨੀ ਦੇ ਮੁੱਖ ਖੇਤਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਆਵਾਜਾਈ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ | ਪੁਲਿਸ ਨੇ ਐਲਾਨ ਕੀਤਾ ਕਿ ਰੈੱਡ ਜ਼ੋਨ ਇਸਲਾਮਾਬਾਦ ਅਤੇ ਆਲੇ-ਦੁਆਲੇ ਦੇ ਉੱਚ-ਸੁਰੱਖਿਆ ਵਾਲੇ ਖੇਤਰ ਅਗਲੇ ਨੋਟਿਸ ਤੱਕ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਰਹਿਣਗੇ | ਡਿਪਟੀ ਕਮਿਸ਼ਨਰ ਇਰਫਾਨ ਨਵਾਜ਼ ਮੇਮਨ ਨੇ ਪੁਸ਼ਟੀ ਕੀਤੀ ਕਿ ਸ਼ਹਿਰ ਦੇ ਅੰਦਰ ਸਾਰੇ ਜਨਤਕ ਅਤੇ ਭਾਰੀ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਗੁਆਂਢੀ ਸ਼ਹਿਰ ਰਾਵਲਪਿੰਡੀ 'ਚ ਵੀ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ | ਇਸਲਾਮਾਬਾਦ ਦੇ ਹੋਟਲ ਪ੍ਰਸ਼ਾਸਨ ਨੂੰ ਇਮਾਰਤਾਂ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ, ਜਿਨ੍ਹਾਂ ਐਤਵਾਰ ਨੂੰ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨਾਲ ਫੋਨ 'ਤੇ ਗੱਲਬਾਤ ਕੀਤੀ, ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਤੇ ਈਰਾਨ ਵਿਚਾਲੇ ਮਤਭੇਦਾਂ ਨੂੰ ਖਤਮ ਕਰਨ 'ਤੇ ਕੰਮ ਕਰ ਰਿਹਾ ਹੈ |
ਅਮਰੀਕਾ ਦੀਆਂ ਜ਼ਿਆਦਾਤਰ ਮੰਗਾਂ ਕਾਰਨ ਗੱਲਬਾਤ ਰੁਕੀ-ਈਰਾਨ
ਅੰਤਾਲਿਆ (ਤੁਰਕੀ), (ਏਜੰਸੀ)-ਇਕ ਸੀਨੀਅਰ ਈਰਾਨੀ ਅਧਿਕਾਰੀ ਨੇ ਕਿਹਾ ਕਿ ਈਰਾਨ ਅਜੇ ਅਮਰੀਕੀ ਅਧਿਕਾਰੀਆਂ ਨਾਲ ਆਹਮਣੇ-ਸਾਹਮਣੇ ਦੀ ਗੱਲਬਾਤ ਦਾ ਨਵਾਂ ਦੌਰ ਸ਼ੁਰੂ ਕਰਨ ਲਈ ਤਿਆਰ ਨਹੀਂ ਹੈ | ਉਨ੍ਹਾਂ ਇਸ ਦੀ ਵਜ੍ਹਾ ਇਹ ਦੱਸੀ ਕਿ ਵਾਸ਼ਿੰਗਟਨ ਪ੍ਰਮੁੱਖ ਮੁੱਦਿਆਂ 'ਤੇ ਆਪਣੀਆਂ ਜ਼ਿਆਦਾਤਰ ਮੰਗਾਂ ਨੂੰ ਛੱਡਣ ਤੋਂ ਇਨਕਾਰ ਕਰ ਰਿਹਾ ਹੈ | ਤੁਰਕੀ 'ਚ ਇਕ ਕੂਟਨੀਤਕ ਮੰਚ ਦੌਰਾਨ ਈਰਾਨ ਦੇ ਉਪ ਵਿਦੇਸ਼ ਮੰਤਰੀ ਸਈਦ ਖਤੀਬਜ਼ਾਦੇਹ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਦੇਸ਼ ਆਪਣਾ ਭਰਪੂਰ ਯੂਰੇਨੀਅਮ ਅਮਰੀਕਾ ਨੂੰ ਨਹੀਂ ਸੌਂਪੇਗਾ | ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੋਈ ਵੀ ਭਰਪੂਰ ਸਮੱਗਰੀ ਅਮਰੀਕਾ ਨੂੰ ਨਹੀਂ ਭੇਜੀ ਜਾਏਗੀ | ਉਨ੍ਹਾਂ ਅੱਗੇ ਕਿਹਾ ਕਿ ਇਹ ਗੱਲਬਾਤ ਦੀ ਸ਼ੁਰੂਆਤ ਹੀ ਨਹੀਂ ਹੈ | ਸ਼ੁੱਕਰਵਾਰ ਨੂੰ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਈਰਾਨ 'ਚ ਜਾ ਕੇ ਸਾਰੀ ਪ੍ਰਮਾਣੂ ਸਮੱਗਰੀ ਕੱਢ ਲਿਆਏਗਾ |
ਹਿਜਬੁੱਲਾ ਦੇ ਕਮਾਂਡਰ ਸਮੇਤ 150 ਤੋਂ ਵੱਧ ਲੜਾਕੇ ਮਾਰੇ-ਇਜ਼ਰਾਈਲ
ਇਜ਼ਰਾਈਲ ਸੈਨਾ ਦਾ ਕਹਿਣਾ ਹੈ ਕਿ ਜੰਗਬੰਦੀ ਤੋਂ ਠੀਕ ਪਹਿਲਾਂ ਉਸ ਨੇ ਕਈ ਹਮਲੇ ਕੀਤੇ, ਜਿਸ 'ਚ ਹਿਜਬੁੱਲਾ ਦੇ 150 ਤੋਂ ਜ਼ਿਆਦਾ ਲੜਾਕੇ ਮਾਰੇ ਗਏ | ਸੈਨਾ ਨੇ ਦੱਸਿਆ ਕਿ ਇਨ੍ਹਾਂ 'ਚ ਹਿਜਬੁੱਲਾ ਦਾ ਕਮਾਂਡਰ ਅਲੀ ਰਿਦਾ ਅੱਬਾਸ ਵੀ ਸ਼ਾਮਿਲ ਸੀ | ਹਾਲਾਂਕਿ ਇਜ਼ਰਾਈਲ ਨੇ ਆਪਣੇ ਦਾਅਵਿਆਂ ਦੇ ਸਮਰਥਨ 'ਚ ਕੋਈ ਸਬੂਤ ਨਹੀਂ ਦਿੱਤਾ ਤੇ ਹਿਜਬੁੱਲਾ ਨੇ ਵੀ ਆਪਣੇ ਕਮਾਂਡਰ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ |
ਪਾਕਿ 'ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ-ਇਸਲਾਮਾਬਾਦ ਵਿਚ ਗੱਲਬਾਤ ਅੱਜ
ਅਜੀਤ ਡੈਸਕ
20-04-2026