ਜਲੰਧਰ, 20 ਅਪ੍ਰੈਲ (ਸ਼ਿਵ)-ਰੇਹੜੀਆਂ ਵਾਲਿਆਂ ਤੋਂ ਪੂਰੀ ਫੀਸ ਵਸੂਲੀ ਨਾ ਹੋਣ ਬਾਰੇ ਨਿਗਮ ਪ੍ਰਸ਼ਾਸਨ ਕਈ ਬਾਰ ਸ਼ੰਕਾ ਜਾਹਿਰ ਕਰ ਚੁੱਕਾ ਹੈ ਜਦਕਿ ਸ਼ਹਿਰ ਵਿਚ ਹਜਾਰਾਂ ਰੇਹੜੀਆਂ, ਫੜੀਆਂ ਲੱਗੀਆਂ ਹੋਣ ਦੇ ਬਾਵਜੂਦ ਨਿਗਮ ਦੇ ਤਹਿਬਜਾਰੀ ਬਰਾਂਚ ਨੂੰ ਪੂਰੀ ਵਸੂਲੀ ਨਾ ਹੋਣ ਨੂੰ ਲੈ ਕੇ ਮੇਅਰ ਵਨੀਤ ਧੀਰ ਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਪਹਿਲਾਂ ਹੀ ਕਾਫੀ ਨਾਰਾਜਗੀ ਜਾਹਿਰ ਕਰ ਚੁੱਕੇ ਹਨ ਤੇ ਹੁਣ ਮੇਅਰ ਵਨੀਤ ਧੀਰ ਨੇ ਇਸ ਮਾਮਲੇ ਵਿਚ ਹੋਰ ਸਖਤੀ ਕਰਦੇ ਹੋਏ ਤਹਿਬਜਾਰੀ ਬਰਾਂਚ ਵਿਚ ਦੋ ਆਊਟਸੋਰਸ ਕਰਮਚਾਰੀਆਂ ਦੀ ਨਿਯੁਕਤੀ ਕਰ ਦਿੱਤੀ ਹੈ | ਉਕਤ ਕਰਮਚਾਰੀਆਂ ਵਲੋਂ ਬਕਾਇਦਾ ਉਨ੍ਹਾਂ ਰੇਹੜੀਆਂ ਵਾਲਿਆਂ ਨੂੰ ਫੋਨ ਕਰਕੇ ਜਾਣਕਾਰੀ ਲਈ ਜਾਵੇਗੀ, ਜਿਨ੍ਹਾਂ ਦੀ ਨਾਂਅ ਆਨਲਾਈਨ ਚੜ੍ਹਾਏ ਗਏ ਹਨ | ਉਕਤ ਕਰਮਚਾਰੀਆਂ ਵਲੋਂ ਰੇਹੜੀਆਂ ਵਾਲਿਆਂ ਤੋਂ ਫੋਨ ਕਰਕੇ ਇਹ ਜਾਣਕਾਰੀ ਲੈਣਗੀਆਂ ਕਿ ਉਨ੍ਹਾਂ ਕੋਲ ਕਿੰਨੀ ਫੀਸ ਲਈ ਗਈ ਹੈ ਤੇ ਕਿ ਬਕਾਇਦਾ ਰਸੀਦ ਦਿੱਤੀ ਗਈ ਹੈ | ਇਸ ਤੋਂ ਇਲਾਵਾ ਮੇਅਰ ਵਨੀਤ ਧੀਰ ਨੇ ਦੱਸਿਆ ਕਿ ਉਨ੍ਹਾਂ ਨੇ ਆਪ ਵੀ ਹੁਣ ਰੇਹੜੀ ਵਾਲਿਆਂ ਨੂੰ ਫੋਨ ਕਰਕੇ ਫੀਸ ਵਸੂਲਣ ਬਾਰੇ ਜਾਣਕਾਰੀ ਲਈ ਹੈ | ਉਨ੍ਹਾਂ ਨੇ ਉਨ੍ਹਾਂ ਰੇਹੜੀ ਵਾਲਿਆਂ ਦੇ ਮੋਬਾਈਲ ਨੰਬਰ ਲੈ ਲਏ ਹਨ ਜਿਨ੍ਹਾਂ ਦੇ ਨਾਂਅ ਨਿਗਮ ਦੇ ਰਿਕਾਰਡ ਵਿਚ ਆਨਲਾਈਨ ਚੜ੍ਹਾਏ ਗਏ ਹਨ | ਮੇਅਰ ਨੇ ਦੱਸਿਆ ਕਿ ਉਹ ਰੇਹੜੀਆਂ ਵਾਲਿਆਂ ਤੋਂ ਤਹਿਬਜਾਰੀ ਵਿਭਾਗ ਵਾਲਿਆਂ ਵਲੋਂ ਫੀਸ ਵਸੂਲੀ ਅਤੇ ਰਸੀਦ ਲੈਣ ਬਾਰੇ ਜਾਣਕਾਰੀ ਲੈਣਗੇ | ਜੇਕਰ ਕੋਈ ਅੰਤਰ ਆਇਆ ਤਾਂ ਉਹ ਇਸ ਮਾਮਲੇ ਵਿਚ ਸਖਤ ਕਾਰਵਾਈ ਕਰਨਗੇ | ਉਧਰ ਮੇਅਰ ਵਨੀਤ ਧੀਰ ਵਲੋਂ ਕਾਫੀ ਸਮਾਂ ਪਹਿਲਾਂ ਹੀ ਤਹਿਬਜਾਰੀ ਬਰਾਂਚ ਨੂੰ ਇਹ ਹਦਾਇਤ ਦਿੱਤੀ ਗਈ ਸੀ ਕਿ ਉਹ ਸਾਰੀਆਂ ਰੇਹੜੀਆਂ 'ਤੇ ਕਿਉੂ ਆਰ ਨੰਬਰ ਪਲੇਟਾਂ ਲਗਵਾਉਣ ਪਰ ਇਸ ਹਦਾਇਤ ਦੇ ਬਾਵਜੂਦ ਵੀ ਸਾਰੀਆਂ ਕਿਊ ਆਰ ਨੰਬਰ ਪਲੇਟਾਂ ਨਹੀਂ ਲਗਾਈਆਂ ਗਈਆਂ ਤੇ 20 ਹਜਾਰ ਰੇਹੜੀਆਂ ਵਿਚੋਂ ਸਿਰਫ 4400 ਦੇ ਕਰੀਬ ਹੀ ਕਿਊ ਆਰ ਨੰਬਰ ਪਲੇਟਾਂ ਲਗਾਈਆਂ ਗਈਆਂ ਹਨ |