ਜਲੰਧਰ 22 ਅਪ੍ਰੈਲ (ਜਤਿੰਦਰ ਪੰਮੀ)- ਪੰਜਾਬ ਸਰਕਾਰ ਵਲੋਂ ਪੇਂਡੂ ਖੇਤਰਾਂ 'ਚ ਸਿਹਤ ਸਹੂਲਤਾਂ ਦਾ ਕਾਇਆ-ਕਲਪ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹੇ ਦੇ ਪਿੰਡਾਂ 'ਚ ਪਹਿਲੇ ਫੇਜ਼ ਦੌਰਾਨ 10 ਨਵੇਂ 'ਆਮ ਆਦਮੀ ਪਿੰਡ ਕਲੀਨਿਕ ਜਲਦ ਹੀ ਖੋਲ੍ਹੇ ਜਾ ਰਹੇ ਹਨ | ਇਨ੍ਹਾਂ ਕਲੀਨਿਕਾਂ 'ਚ ਮਾਹਿਰ ਸਟਾਫ ਦੀ ਤਾਇਨਾਤੀ ਯਕੀਨੀ ਬਣਾਉਣ ਲਈ ਸਿਵਲ ਸਰਜਨ ਦਫ਼ਤਰ ਵਿਖੇ 21 ਤੇ 22 ਅਪ੍ਰੈਲ ਨੂੰ ਵਿਸ਼ੇਸ਼ ਭਰਤੀ ਪ੍ਰੀਕਿ੍ਆ ਚਲਾਈ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਇਹ ਕਲੀਨਿਕ ਪੇਂਡੂ ਖੇਤਰਾਂ ਲਈ ਸੰਜੀਵਨੀ ਸਾਬਤ ਹੋਣਗੇ | ਪਿੰਡ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਉਨ੍ਹਾਂ ਦੇ ਘਰਾਂ ਨੇੜੇ ਉਪਲਬਧ ਹੋਣਗੀਆਂ | ਇਕ ਡਾਕਟਰ ਵੀਡੀਓ-ਕਾਨਫਰੰਸਿੰਗ ਰਾਹੀਂ ਇੱਕੋ ਸਮੇਂ ਪੰਜ ਕਲੀਨਿਕਾਂ ਦੀ ਨਿਗਰਾਨੀ ਕਰੇਗਾ ਅਤੇ ਇਕ ਸਟਾਫ ਨਰਸ ਦੋ ਪਿੰਡਾਂ ਨੂੰ ਕਵਰ ਕਰੇਗੀ | ਉਨ੍ਹਾਂ ਦੱਸਿਆ ਕਿ ਭਰਤੀ ਪ੍ਰੀਕਿ੍ਆ ਦੇ ਪਹਿਲੇ ਦਿਨ ਜਿੱਥੇ 10 ਮੈਡੀਕਲ ਅਫ਼ਸਰਾਂ ਦੀ ਇੰਟਰਵਿਊ ਕੀਤੀ ਗਈ, ਉੱਥੇ ਹੀ ਦੂਜੇ ਦਿਨ ਬੁੱਧਵਾਰ ਨੂੰ ਸਟਾਫ ਨਰਸਾਂ/ ਜੀ.ਐੱਨ.ਐੱਮ./ ਏ.ਐੱਨ.ਐੱਮ. ਅਤੇ ਫਾਰਮਾਸਿਸਟਾਂ ਦੇ ਅਹੁਦਿਆਂ ਦੇ ਲਈ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ | ਇਹ ਪੂਰੀ ਪ੍ਰੀਕਿ੍ਆ ਸਿਵਲ ਸਰਜਨ ਡਾ. ਰਾਜੇਸ਼ ਗਰਗ, ਸਹਾਇਕ ਸਿਵਲ ਸਰਜਨ ਡਾ. ਜੋਤੀ ਫੋਕੇਲਾ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਨਿੰਦਰ ਰਿਆੜ 'ਤੇ ਅਧਾਰਿਤ ਪੈਨਲ ਵੱਲੋਂ ਕੀਤੀ ਗਈ | ਭਰਤੀ ਪ੍ਰੀਕਿ੍ਆ ਦੇ ਦੂਸਰੇ ਦਿਨ ਸਟਾਫ ਨਰਸ ਦੀ ਆਸਾਮੀ ਲਈ 188 ਬੀ.ਐੱਸ.ਸੀ. ਨਰਸਿੰਗ/ ਜੀ.ਐੱਨ.ਐੱਮ., 107 ਏ.ਐੱਨ.ਐੱਮਜ਼, ਅਤੇ 43 ਫਾਰਮਾਸਿਸਟ ਇੰਟਰਵਿਊ ਦੇਣ ਲਈ ਹਾਜ਼ਰ ਸਨ | ਡਾ. ਗਰਗ ਨੇ ਦੱਸਿਆ ਕਿ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਕਰਨ ਲਈ ਚਾਰ ਟੀਮਾਂ ਗਠਿਤ ਕੀਤੀਆਂ ਗਈਆਂ |