ਆਦਮਪੁਰ, 24 ਅਪ੍ਰੈਲ (ਹਰਪ੍ਰੀਤ ਸਿੰਘ)-ਆਦਮਪੁਰ ਦੇ ਪ੍ਰੈੱਸ ਕਲੱਬ ਵਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਆਪਣੇ ਦਫ਼ਤਰ ਦੀ ਮੰਗ ਹੁਣ ਜਲਦ ਪੂਰੀ ਹੁੰਦੀ ਨਜ਼ਰ ਆ ਰਹੀ ਹੈ | ਨਗਰ ਕੌਂਸਲ ਆਦਮਪੁਰ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਨੇ ਭਰੋਸਾ ਦਿਵਾਇਆ ਹੈ ਕਿ ਪੱਤਰਕਾਰ ਭਾਈਚਾਰੇ ਦੀ ਇਸ ਜਾਇਜ਼ ਮੰਗ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾ ਚੁੱਕਾ ਹੈ ਅਤੇ ਬਹੁਤ ਜਲਦ ਪ੍ਰੈੱਸ ਕਲੱਬ ਆਦਮਪੁਰ ਨੂੰ ਆਪਣਾ ਦਫ਼ਤਰ ਮੁਹੱਈਆ ਕਰਵਾਇਆ ਜਾਵੇਗਾ | ਇਸ ਸੰਬੰਧੀ ਪ੍ਰਧਾਨ ਕਰਵਲ ਨੇ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਸਤੰਭ ਹਨ ਅਤੇ ਸਮਾਜ ਦਾ ਅਹਿਮ ਹਿੱਸਾ ਹਨ | ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਸਮਝਦੇ ਹੋਏ ਉਨ੍ਹਾਂ ਦੀਆਂ ਸਹੂਲਤਾਂ ਦਾ ਧਿਆਨ ਰੱਖਣਾ ਕੌਂਸਲ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ | ਉਨ੍ਹਾਂ ਅੱਗੇ ਦੱਸਿਆ ਕਿ ਦਫ਼ਤਰ ਲਈ ਢੁਕਵੀਂ ਜਗ੍ਹਾ ਦੀ ਚੋਣ ਪ੍ਰਕਿਰਿਆ ਕਰਨ ਉਪਰੰਤ ਪ੍ਰੈੱਸ ਕਲੱਬ ਆਦਮਪੁਰ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਤੇ ਬਹੁਤ ਜਲਦੀ ਬਣ ਰਹੀ ਬਿਲਡਿੰਗ ਦੀ ਸਾਰੀ ਕਾਰਵਾਈ ਮੁਕੰਮਲ ਕਰਕੇ ਦਫ਼ਤਰ ਦੀਆਂ ਚਾਬੀਆਂ ਕਲੱਬ ਦੇ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ | ਪ੍ਰੈੱਸ ਕਲੱਬ ਆਦਮਪੁਰ ਦੇ ਸਮੂਹ ਮੈਂਬਰਾਂ ਨੇ ਕੌਂਸਲ ਦੇ ਇਸ ਸ਼ਲਾਘਾਯੋਗ ਫੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ ਤੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |