ਜਲੰਧਰ, 25 ਅਪ੍ਰੈਲ (ਐੱਮ. ਐੱਸ. ਲੋਹੀਆ)-'ਵਿਸ਼ਵ ਮਲੇਰੀਆ ਦਿਵਸ' ਮੌਕੇ ਦਯਾਨੰਦ ਆਯੁਰਵੈਦਿਕ ਕਾਲਜ, ਜਲੰਧਰ ਦੇ ਹਸਪਤਾਲ ਕੈਂਪਸ 'ਚ ਜਾਗਰੂਕਤਾ ਸੈਮੀਨਾਰ ਕਰਵਾਇਆ | ਪਿ੍ੰਸੀਪਲ ਪ੍ਰੋਫ਼ੈਸਰ ਚੰਦਰ ਸ਼ੇਖਰ ਸ਼ਰਮਾ ਦੀ ਅਗਵਾਈ ਹੇਠ ਕਾਇਆਚਿਕਿਤਸਾ (ਅੰਦਰੂਨੀ ਦਵਾਈ) ਵਿਭਾਗ ਦੁਆਰਾ ਕਰਵਾਏ ਸੈਮੀਨਾਰ ਮੌਕੇ ਮਰੀਜ਼ਾਂ ਤੇ ਸਟਾਫ਼ ਮੈਂਬਰਾਂ ਨੂੰ ਮਲੇਰੀਆ ਦੇ ਕਾਰਨਾਂ, ਲੱਛਣਾਂ, ਰੋਕਥਾਮ ਉਪਾਵਾਂ ਤੇ ਆਯੁਰਵੈਦਿਕ ਦਿ੍ਸ਼ਟੀਕੋਣ ਤੋਂ ਰੋਕਥਾਮ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ | ਕਾਇਆਚਿਕਿਤਸਾ ਵਿਭਾਗ ਤੋਂ ਡਾ. ਨੀਸ਼ੂ ਰੈਨਾ, ਡਾ. ਦਲਜੀਤ ਤੇ ਡਾ. ਅਨੰਤ ਭਾਰਦਵਾਜ ਨੇ ਮਲੇਰੀਆ ਤੋਂ ਬਚਾਅ ਲਈ ਆਯੁਰਵੇਦ 'ਚ ਦੱਸੇ ਗਏ ਸਫ਼ਾਈ, ਮੱਛਰਦਾਨੀ ਦੀ ਵਰਤੋਂ, ਪਾਣੀ ਦੇ ਖੜੋਤ ਨੂੰ ਰੋਕਣ ਅਤੇ ਰੋਗਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਾਲੇ ਉਪਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਆਪਣੇ ਸੰਬੋਧਨ 'ਚ ਪਿ੍ੰਸੀਪਲ ਪ੍ਰੋਫ਼ੈਸਰ ਚੰਦਰ ਸ਼ੇਖਰ ਸ਼ਰਮਾ ਨੇ ਕਿਹਾ ਕਿ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਭਾਈਚਾਰਕ ਜਾਗਰੂਕਤਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਆਯੁਰਵੇਦ ਨਾ ਸਿਰਫ਼ ਬਿਮਾਰੀ ਦੇ ਇਲਾਜ 'ਤੇ ਜ਼ੋਰ ਦਿੰਦਾ ਹੈ, ਸਗੋਂ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾ ਕੇ ਇਸਦੀ ਰੋਕਥਾਮ 'ਤੇ ਵੀ ਜ਼ੋਰ ਦਿੰਦਾ ਹੈ | ਸਮਾਗਮ ਦੌਰਾਨ ਵੱਡੀ ਗਿਣਤੀ 'ਚ ਡਾਕਟਰਾਂ, ਇੰਟਰਨਾਂ, ਵਿਦਿਆਰਥੀਆਂ ਤੇ ਹਸਪਤਾਲ ਦੇ ਮਰੀਜ਼ਾਂ ਨੇ ਹਿੱਸਾ ਲਿਆ |