ਜਲੰਧਰ, 25 ਅਪ੍ਰੈਲ (ਡਾ. ਜਤਿੰਦਰ ਸਾਬੀ)-ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵੱਲ ਇਕ ਹੋਰ ਕਦਮ ਚੁੱਕਦਿਆਂ ਸੀ. ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਸ਼ਾਹਪੁਰ ਕੈਂਪਸ ਵਿਚ ਜਲੰਧਰ ਪ੍ਰੀਮੀਅਰ ਲੀਗ ਦਾ ਸਫਲ ਆਯੋਜਨ ਕੀਤਾ | ਸਮਾਗਮ ਦਾ ਕੇਂਦਰੀ ਥੀਮ ਯੁੱਧ ਨਸ਼ਿਆਂ ਵਿਰੁੱਧ ਰਿਹਾ, ਜਿਸ ਨੇ ਹਰ ਪਾਸੇ ਇਕ ਮਜ਼ਬੂਤ ਸਮਾਜਿਕ ਸੁਨੇਹਾ ਦਿੱਤਾ | ਇਸ ਪਹਿਲ ਰਾਹੀਂ ਖੇਡਾਂ, ਖਾਸ ਕਰਕੇ ਕਿ੍ਕਟ ਨੂੰ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿਚ ਮੋੜਨ, ਅਨੁਸ਼ਾਸਨ ਵਿਕਸਿਤ ਕਰਨ ਤੇ ਸਮਾਜਿਕ ਜ਼ਿੰਮੇਵਾਰੀ ਨੂੰ ਮਜ਼ਬੂਤ ਕਰਨ ਦਾ ਮਹੱਤਵਪੂਰਨ ਸਾਧਨ ਦਰਸਾਇਆ | ਇਸ ਮੌਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਦੇ ਨਾਲ ਸੀ. ਟੀ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਰਹੇ | ਸਮਾਗਮ ਨੂੰ ਹੋਰ ਯਾਦਗਾਰ ਬਣਾਉਂਦੀਆਂ ਮਹਿਮਾਨਾਂ ਨੇ ਖੁਦ ਵੀ ਇਕ ਕਿ੍ਕਟ ਮੈਚ ਵਿਚ ਹਿੱਸਾ ਲਿਆ | ਇਸ ਨਾਲ ਆਪਸੀ ਸਾਂਝ ਤੇ ਮਿਲਾਪ ਨੂੰ ਉਤਸ਼ਾਹ ਮਿਲਿਆ ਅਤੇ ਵਿਦਿਆਰਥੀਆਂ 'ਚ ਨਵਾਂ ਜੋਸ਼ ਭਰਿਆ |