ਜਲੰਧਰ, 26 ਅਪ੍ਰੈਲ (ਜਸਪਾਲ ਸਿੰਘ)-ਜਿਮਖਾਨਾ ਕਲੱਬ ਵਿਖੇ ਚੱਲ ਰਹੇ ਨਾਈਟ ਕ੍ਰਿਕਟ ਟੂਰਨਾਮੈਂਟ (ਜਿੰਮਖਾਨਾ ਪ੍ਰੀਮੀਅਰ ਲੀਗ) ਜੀ. ਪੀ. ਐਲ. 'ਚ ਐਤਵਾਰ ਨੂੰ ਵੀ ਕਾਫੀ ਫਸਵੇਂ ਤੇ ਰੋਮਾਂਚਕ ਮੁਕਾਬਲੇ ਹੋਏ | ਮੁਕਾਬਲਿਆਂ 'ਚ ਵੱਖ-ਵੱਖ ਉਮਰ ਵਰਗਾਂ ਦੀਆਂ ਟੀਮਾਂ ਵਲੋਂ ਭਾਰੀ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ | ਦੱਸਣਯੋਗ ਹੈ ਕਿ ਇਨ੍ਹਾਂ ਮੁਕਾਬਲਿਆਂ 'ਚ ਮੈਂਬਰਜ਼ ਓਪਨ, ਡਿਪੈਂਡੈਂਟ, 40 ਸਾਲ ਤੋਂ ਉੱਪਰ ਉਮਰ ਵਰਗ, ਅੰਡਰ-14 ਸਾਲ ਤੇ ਔਰਤਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ | ਟੂਰਨਾਮੈਂਟ ਨੂੰ ਈਸਟਵੁੱਡ ਵਲੋਂ ਸਪਾਂਸਰ ਕੀਤਾ ਗਿਆ ਹੈ | ਇਸ ਸੰਬੰਧੀ ਜਿੰਮਖਾਨਾ ਕਲੱਬ ਦੇ ਪ੍ਰਧਾਨ ਸੰਦੀਪ ਬਹਿਲ ਨੇ ਦੱਸਿਆ ਕਿ ਕਲੱਬ ਦੇ ਪ੍ਰਧਾਨ ਰਾਮਵੀਰ ਸਿੰਘ ਦੀ ਅਗਵਾਈ ਹੇਠ ਹੋ ਰਹੇ ਟੂਰਨਾਮੈਂਟ (ਜੀ. ਪੀ. ਐਲ.) ਨੂੰ ਸਫਲ ਬਣਾਉਣ 'ਚ ਕਲੱਬ ਦੇ ਮੀਤ ਪ੍ਰਧਾਨ ਅਮਿਤ ਕੁਕਰੇਜਾ, ਜੁਆਇੰਟ ਸੈਕਟਰੀ ਅਨੂੰ ਮਾਟਾ, ਖਜ਼ਾਨਚੀ ਸੌਰਭ ਖੁੱਲ੍ਹਰ ਤੇ ਨਿਤਿਨ ਬਹਿਲ ਸਮੇਤ ਸਪੋਰਟਸ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਕੰਬੋਜ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ | ਇਹ ਟੂਰਨਾਮੈਂਟ ਫਲੱਡ ਲਾਈਟਾਂ 'ਚ ਸਾਫਟ ਬਾਲ ਨਾਲ ਖੇਡਿਆ ਜਾ ਰਿਹਾ ਹੈ ਤੇ ਇਸ ਦੌਰਾਨ ਪ੍ਰੋ. ਵਿਪਿਨ ਝਾਂਜੀ ਤੇ ਸ਼ਾਲੀਨ ਜੋਸ਼ੀ ਵਲੋਂ ਕੁਮੈਂਟਰੀ ਕੀਤੀ ਜਾ ਰਹੀ ਹੈ | ਅੱਜ ਕਰਵਾਏ ਮੈਚਾਂ 'ਚ ਸ੍ਰੀ ਦਿਨੇਸ਼ ਅਰੋੜਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ, ਜਿਨ੍ਹਾਂ ਨੂੰ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਦੌਰਾਨ ਗੋਲਡਨ ਡਕਸ ਤੇ ਜਿੰਮ ਵਾਰੀਅਰਜ਼ ਵਿਚਕਾਰ ਹੋਏ ਮੈਚ 'ਚ ਗੋਲਡਨ ਡੱਕਸ ਦੀ ਟੀਮ ਨੇ 26 ਦੌੜਾਂ ਨਾਲ ਜਿੱਤ ਹਾਸਿਲ ਕੀਤੀ | ਇਸੇ ਤਰ੍ਹਾਂ ਵੰਡਰਲੈਂਡ ਬੈਟਲ ਹਾਕਸ ਦੀ ਟੀਮ ਵੀ ਗਰੇ ਨਿਕਲਸ ਪੀਕੀ ਸਮੈਸ਼ਰਜ਼ ਦੀ ਟੀਮ ਨੂੰ 7 ਵਿਕਟਾਂ ਨਾਲ ਹਰਾ ਕੇ ਜੇਤੂ ਰਹੀ | ਇਸ ਮੌਕੇ ਮੁਕੁਲ ਨੇ 27 ਗੇਂਦਾਂ 'ਚ 55 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਦਕਿ ਆਰ. ਪੀ. ਐਲ. ਕਿੰਗੜ ਦੀ ਟੀਮ ਨੇ ਵੀ ਆਰ. ਪੀ. ਐਲ. ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ ਅਗਲੇ ਪੜਾਅ 'ਚ ਦਾਖਲਾ ਲਿਆ | ਨਿਤਿਨ ਬਹਿਲ ਨੇ ਦੱਸਿਆ ਕਿ ਕਲੱਬ ਮੈਂਬਰਾਂ ਵਲੋਂ ਜੀ. ਪੀ. ਐਲ. ਪ੍ਰਤੀ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਤੇ ਹਰ ਰੋਜ਼ ਵੱਡੀ ਗਿਣਤੀ 'ਚ ਕਲੱਬ ਦੇ ਮੈਂਬਰਾਂ ਵਲੋਂ ਇਨ੍ਹਾਂ ਮੁਕਾਬਲਿਆਂ ਦਾ ਆਨੰਦ ਮਾਣਿਆ ਜਾ ਰਿਹਾ ਹੈ |