ਜਲੰਧਰ ਛਾਉਣੀ, 27 ਅਪ੍ਰੈਲ (ਪਵਨ ਖਰਬੰਦਾ)-ਵੈਸੇ ਤਾਂ ਸ਼ਹਿਰ ਦਾ ਐਸਾ ਕੋਈ ਵੀ ਖੇਤਰ ਨਹੀਂ ਹੈ, ਜਿਥੇ ਨਗਰ ਨਿਗਮ ਦੇ ਕੁਝ ਭਿ੍ਸ਼ਟ ਅਧਿਕਾਰੀਆਂ ਦੀ ਸ਼ਹਿ 'ਤੇ ਸੱਤਾਧਾਰੀ ਪਾਰਟੀ ਦੇ ਕੁਝ ਆਗੂਆਂ ਅਤੇ ਵਿਰੋਧੀ ਧਿਰ ਦੇ ਕਈ ਆਗੂ ਸ਼ਰੇਆਮ ਨਾਜਾਇਜ਼ ਉਸਾਰੀਆਂ ਨਾ ਕਰ ਰਹੇ ਹੋਣ ਜਾਂ ਨਾਜਾਇਜ਼ ਕਾਲੋਨੀਆਂ ਨਾ ਕੱਟ ਰਹੇ ਹੋਣ | ਪੰਜਾਬ ਸਰਕਾਰ ਭਾਵੇਂ ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਕਰਨ ਦੇ ਵੱਡੇ-ਵੱਡੇ ਦਾਅਵੇ ਕਰੇ ਪਰ ਨਗਰ ਨਿਗਮ ਦੇ ਕੁਝ ਭਿ੍ਸ਼ਟ ਅਧਿਕਾਰੀ ਕਾਲੋਨਾਈਜ਼ਰਾਂ ਨਾਲ ਮਿਲ ਕੇ ਸ਼ਰੇਆਮ ਨਾਜਾਇਜ਼ ਉਸਾਰੀਆਂ ਕਰਵਾ ਕੇ ਸਰਕਾਰ ਨੂੰ ਮਿਲਣ ਵਾਲੇ ਮਾਲੀਏ ਦਾ ਨੁਕਸਾਨ ਕਰਵਾ ਕੇ ਆਪਣੀਆਂ ਜੇਬਾਂ 'ਚ ਭਰਨ 'ਚ ਲੱਗੇ ਹੋਏ ਹਨ | ਇਸ ਤਰ੍ਹਾਂ ਦਾ ਹੀ ਇਕ ਮਸਲਾ ਨਗਰ ਨਿਗਮ ਦੇ ਅਧੀਨ ਆਉਂਦੇ ਸ਼ਾਲੀਮਾਰ ਗਾਰਡਨ 'ਚ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਇਕ ਕਾਂਗਰਸੀ ਕੌਂਸਲਰ ਵਲੋਂ ਨਗਰ ਨਿਗਮ ਦੇ ਕੁਝ ਭਿ੍ਸ਼ਟ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਸ਼ਰੇਆਮ ਨਾਜਾਇਜ਼ ਕਾਲੋਨੀ ਕੱਟੀ ਜਾ ਰਹੀ ਹੈ ਤੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਕਤ ਕਾਂਗਰਸੀ ਕੌਂਸਲਰ ਵਲੋਂ ਸੜਕਾਂ ਬਣਾਉਣ ਦੀ ਥਾਂ ਪਲਾਟਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਪਲਾਟ ਖ਼ਰੀਦਣ ਵਾਲੇ ਲੋਕਾਂ ਵਲੋਂ ਨੀਂਹਾਂ ਕਰਕੇ ਪਲਾਟ ਨੂੰ ਵਗਲ਼ ਲਿਆ ਗਿਆ ਹੈ | ਇਥੇ ਹੋਰ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਉਕਤ ਕਾਲੋਨਾਈਜ਼ਰ ਵਲੋਂ ਨਗਰ ਨਿਗਮ ਦੇ ਭਿ੍ਸ਼ਟ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਦੇ ਹੋਏ ਉਕਤ ਨਾਜਾਇਜ਼ ਕਾਲੋਨੀ 'ਚ ਸੀਵਰੇਜ ਅਤੇ ਵਾਟਰ ਸਪਲਾਈ ਦੇ ਪਾਈਪ ਪਾ ਕੇ ਉਨ੍ਹਾਂ ਦੇ ਨਾਜਾਇਜ਼ ਕੁਨੈਕਸ਼ਨ ਵੀ ਜੋੜਨ ਸ਼ੁਰੂ ਕਰ ਦਿੱਤੇ ਗਏ ਹਨ, ਜਿਸ ਕਾਰਨ ਇਸ ਦੇ ਨੇੜੇ ਹੀ ਕੱਟੀ ਗਈ ਨਗਰ ਨਿਗਮ ਤੋਂ ਮਾਨਤਾ ਪ੍ਰਾਪਤ ਕਾਲੋਨੀ ਦੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ ਤੇ ਉਨ੍ਹਾਂ ਵਲੋਂ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਸ ਨਾਜਾਇਜ਼ ਕਾਲੋਨੀ ਨਾਲ ਜੋੜੇ ਜਾਣ ਵਾਲੇ ਵਾਟਰ ਸਪਲਾਈ ਅਤੇ ਸੀਵਰੇਜ ਦੇ ਕੁਨੈਕਸ਼ਨਾਂ ਨੂੰ ਤੁਰੰਤ ਕੱਟਿਆ ਜਾਵੇ ਤੇ ਇਸ ਨਾਜਾਇਜ਼ ਕਾਲੋਨੀ 'ਤੇ ਕਾਰਵਾਈ ਕਰਦੇ ਹੋਏ ਇਸ ਨੂੰ ਢਾਹ-ਢੇਰੀ ਕੀਤਾ ਜਾਵੇ | ਦੱਸਣਯੋਗ ਹੈ ਕਿ ਉਕਤ ਕਾਂਗਰਸੀ ਕੌਂਸਲਰ ਵਲੋਂ ਪਹਿਲਾਂ ਵੀ ਨਗਰ ਨਿਗਮ ਦੇ ਕੁਝ ਭਿ੍ਸ਼ਟ ਅਧਿਕਾਰੀਆਂ ਨਾਲ ਮਿਲ ਕੇ ਪਹਿਲਾਂ ਵੀ ਕਈ ਨਾਜਾਇਜ਼ ਕਾਲੋਨੀਆਂ ਕੱਟੀਆਂ ਜਾ ਚੁੱਕੀਆਂ ਹਨ ਪਰ ਨਗਰ ਨਿਗਮ ਦੇ ਉੱਚ ਅਧਿਕਾਰੀ ਅੱਜ ਤੱਕ ਉਕਤ ਕਾਂਗਰਸੀ ਕੌਂਸਲਰ ਦੇ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕਰ ਸਕੇ ਹਨ, ਜਿਸ ਕਾਰਨ ਉਹ ਸ਼ਰੇਆਮ ਨਾਜਾਇਜ਼ ਕਾਲੋਨੀਆਂ ਕੱਟ ਕੇ ਅਕਸਰ ਹੀ ਮੋਟੀ ਕਮਾਈ ਕਰਨ 'ਚ ਸਫਲ ਹੋ ਜਾਂਦਾ ਹੈ | ਹੁਣ ਦੇਖਣਾ ਇਹ ਹੈ ਕਿ ਨਗਰ ਨਿਗਮ ਦੇ ਉੱਚ ਅਧਿਕਾਰੀ ਤੇ ਪੰਜਾਬ ਸਰਕਾਰ ਇਸ 'ਤੇ ਕੋਈ ਠੋਸ ਕਾਰਵਾਈ ਕਰਨਗੇ ਜਾਂ ਇਹ ਨਾਜਾਇਜ਼ ਕਾਲੋਨੀ 'ਤੇ ਵੀ ਪਹਿਲਾਂ ਵਾਂਗ ਕੋਈ ਕਾਰਵਾਈ ਨਹੀਂ ਹੋਵੇਗੀ |