ਜਲੰਧਰ, 27 ਅਪ੍ਰੈਲ (ਸ਼ਿਵ)-ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਕੂੜਾ ਪ੍ਰਬੰਧਨ ਬਾਰੇ ਐਡਹਾਕ ਕਮੇਟੀ ਦੀ ਪ੍ਰਧਾਨਗੀ ਕਰਦੇ ਹੋਏ ਨਿਗਮ ਦੀ ਸਿਹਤ ਸ਼ਾਖਾ ਨੂੰ ਹਦਾਇਤ ਦਿੰਦੇ ਹੋਏ ਕਿਹਾ ਕਿ ਇਸ ਸਾਲ ਦੇ ਸਵੱਛਤਾ ਸਰਵੇਖਣ ਨੂੰ ਲੈ ਕੇ ਕੇਂਦਰੀ ਟੀਮ 20 ਮਈ ਦੇ ਨੇੜੇ ਸ਼ਹਿਰ ਦੀ ਸਫ਼ਾਈ ਵਿਵਸਥਾ ਤੇ ਕੂੜਾ ਪ੍ਰਬੰਧਨ ਦਾ ਮੌਕਾ ਦੇਖਣ ਲਈ ਆ ਸਕਦੀ ਹੈ, ਜਿਸ ਕਰਕੇ ਉਨ੍ਹਾਂ ਨੂੰ ਹੁਣ ਤੋਂ ਹੀ ਇਸ ਵਿਚ ਸੁਧਾਰ ਦੇ ਕੰਮ ਕਰਨ ਦੀਆਂ ਤਿਆਰੀਆਂ ਵਿਚ ਤੇਜ਼ੀ ਲਿਆਉਣੀ ਚਾਹੀਦੀ ਹੈ | ਸ. ਬਿੱਟੂ ਨੇ ਇਸ ਗੱਲ ਤੋਂ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਚਾਰ ਅਲੱਗ-ਅਲੱਗ ਥਾਵਾਂ 'ਤੇ ਬਣੇ ਹੋਏ ਛੋਟੇ ਕੂੜਾ ਸੰਭਾਲ ਪ੍ਰਾਜੈਕਟਾਂ ਅਜੇ ਕੰਮ ਸ਼ੁਰੂ ਨਹੀਂ ਕੀਤਾ ਗਿਆ ਹੈ | ਇਨ੍ਹਾਂ 'ਚ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਦਾ ਪ੍ਰਾਜੈਕਟ, ਬੜਿੰਗ, ਢਿਲਵਾਂ, ਨੰਗਲ ਸ਼ਾਮਾਂ ਦਾ ਪ੍ਰਾਜੈਕਟ ਸ਼ਾਮਿਲ ਹੈ | ਸ. ਬਿੱਟੂ ਦਾ ਕਹਿਣਾ ਸੀ ਕਿ ਨਿਗਮ ਵਲੋਂ ਕਾਫੀ ਸਮੇਂ ਤੋਂ ਕੂੜੇ ਨੂੰ ਟੁਕੜਿਆਂ ਵਿਚ ਬਦਲਣ ਵਾਲੀਆਂ ਮਸ਼ੀਨਾਂ ਲਿਆਈਆਂ ਗਈਆਂ ਸਨ ਪਰ ਅਜੇ ਤੱਕ ਕੰਮ ਬੰਦ ਪਿਆ ਹੈ | ਉਨ੍ਹਾਂ ਕਿਹਾ ਕਿ ਘਰਾਂ ਤੋਂ ਸੁੱਕਾ ਗਿੱਲਾ ਕੂੜਾ ਅਲੱਗ-ਅਲੱਗ ਲਿਆ ਕੇ ਕੂੜੇ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ | ਉਨ੍ਹਾਂ ਨੇ ਸਿਹਤ ਸ਼ਾਖਾ ਨੂੰ ਹਦਾਇਤ ਦਿੱਤੀ ਹੈ ਕਿ ਕੂੜਾ ਪ੍ਰਬੰਧਨ ਲਈ ਜਿਹੜੀਆਂ ਮਸ਼ੀਨਾਂ ਲਿਆਂਦੀਆਂ ਗਈਆਂ ਹਨ | ਉਨ੍ਹਾਂ ਨੂੰ ਜਲਦੀ ਤੋਂ ਲਗਾ ਕੇ ਕੰਮ ਸ਼ੁਰੂ ਕਰਵਾਇਆ ਜਾਵੇ | ਇਸ ਮੌਕੇ ਜਤਿੰਦਰ ਜਿੰਦ, ਦਰਸ਼ਨ ਭਗਤ, ਐੱਚ. ਪੀ. ਸਿੰਘ, ਸੌਰਭ ਸੇਠ, ਪ੍ਰਨੀਤ ਸਿੰਘ ਤੋਂ ਇਲਾਵਾ ਨਿਗਮ ਅਫ਼ਸਰ ਮੌਜੂਦ ਸਨ |