ਜਲੰਧਰ, 27 ਅਪ੍ਰੈਲ (ਜਤਿੰਦਰ ਪੰਮੀ)-ਸੋਮਵਾਰ ਨੂੰ ਇਕ ਵਾਰ ਫਿਰ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੇ ਅਧਿਕਾਰੀਆਂ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਕੋਰਟ ਕੰਪਲੈਕਸ ਸਮੇਤ ਮਹਾਨਗਰ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਈ-ਮੇਲ ਮਿਲੀ | ਧਮਕੀ ਮਿਲਣ ਦੀ ਸੂਚਨਾ ਮਿਲਦਿਆਂ ਹੀ ਕਮਿਸ਼ਨਰੇਟ ਪੁਲਿਸ ਦਾ ਐਂਟੀ ਸਾਬੋਤਾਜ ਵਿੰਗ ਤੇ ਡੌਗ ਸਕੁਐਡ ਸਮੇਤ ਵੱਖ-ਵੱਖ ਥਾਣਿਆਂ ਦੀ ਪੁਲਿਸ ਹਰਕਤ 'ਚ ਆ ਗਈ ਅਤੇ ਧਮਕੀ ਮਿਲਣ ਵਾਲੀਆਂ ਥਾਵਾਂ 'ਤੇ ਚੌਕਸੀ ਵਜੋਂ ਬਰੀਕੀ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ | ਜਾਣਕਾਰੀ ਮੁਤਾਬਕ ਸੋਮਵਾਰ ਨੂੰ ਸ਼ਹਿਰ ਦੇ ਤਿੰਨ ਸਕੂਲਾਂ, ਜਿਨ੍ਹਾਂ 'ਚ ਧੰਨੋਵਾਲੀ ਫਾਟਕ ਨੇੜੇ ਸਥਿਤ ਦਿੱਲੀ ਪਬਲਿਕ ਸਕੂਲ, ਦਯਾਨੰਦ ਪਬਲਿਕ ਸਕੂਲ ਕਬੀਰ ਨਗਰ ਤੇ ਮੇਹਰ ਚੰਦ ਪੋਲੀਟੈਕਨਿਕ ਅੰਦਰ ਪੈਂਦੇ ਡੀ. ਏ. ਵੀ. ਸਕੂਲ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਏ ਜਾਣ ਦੀ ਧਮਕੀ ਮਿਲੀ ਸੀ | ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੇ ਕੋਰਟ ਕੰਪਲੈਕਸ 'ਚ ਵੀ ਦਫਤਰੀ ਈ-ਮੇਲਾਂ ਰਾਹੀਂ ਦੋਵਾਂ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ | ਇਸ ਸੰਬੰਧੀ ਗੱਲਬਾਤ ਕਰਦਿਆਂ ਏ. ਡੀ. ਸੀ. ਪੀ.-1 ਆਕਰਸ਼ੀ ਜੈਨ ਨੇ ਦੱਸਿਆ ਕਿ ਉਨ੍ਹਾਂ ਨੂੰ ਉਕਤ ਥਾਵਾਂ ਨੂੰ ਬੰਬ ਨਾਲ ਉਡਾਏ ਜਾਣ ਦੀਆਂ ਧਮਕੀ ਭਰੀਆਂ ਈ-ਮੇਲਾਂ ਬਾਰੇ ਸਵੇਰੇ 10 ਦੇ ਕਰੀਬ ਸੂਚਨਾ ਮਿਲੀ ਸੀ | ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਕਮਿਸ਼ਨਰੇਟ ਪੁਲਿਸ ਹਰਕਤ 'ਚ ਆ ਗਈ | ਐਂਟੀ ਸਾਬੋਤਾਜ ਤੇ ਡੌਗ ਸਕੁਐਡ ਦੀਆਂ ਟੀਮਾਂ ਅਤੇ ਸੰਬੰਧਤ ਥਾਣਿਆਂ ਦੇ ਇੰਚਾਰਜ, ਜੀਓਜ਼ ਤੇ ਪੁਲਿਸ ਟੀਮਾਂ ਸਮੇਤ ਉਕਤ ਸੰਸਥਾਨਾਂ 'ਚ ਪੁੱਜੀਆਂ | ਟੀਮਾਂ ਨੇ ਸਾਰੀਆਂ ਥਾਵਾਂ 'ਤੇ ਚੱਪੇ-ਚੱਪੇ ਦੀ ਬਰੀਕੀ ਨਾਲ ਤਲਾਸ਼ੀ ਕੀਤੀ ਪਰ ਕਿਤੋਂ ਵੀ ਕੁਝ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ | ਏ. ਡੀ. ਸੀ. ਪੀ. ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੇ ਕੋਰਟ ਕੰਪਲੈਕਸ ਤੋਂ ਤਿੰਨ ਸਕੂਲਾਂ 'ਚ ਜਿਨ੍ਹਾਂ ਈ-ਮੇਲ ਐਡਰੈੱਸਾਂ 'ਤੇ ਧਮਕੀ ਭਰੀਆਂ ਈ-ਮੇਲ ਆਈਆਂ ਸਨ, ਉਨ੍ਹਾਂ ਦਾ ਰਿਕਾਰਡ ਸਾਈਬਲ ਸੈੱਲ ਨੂੰ ਸੌਂਪ ਦਿੱਤਾ ਗਿਆ ਹੈ, ਜਿਨ੍ਹਾਂ ਵਲੋਂ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ |