ਨਕੋਦਰ, 2 ਮਈ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਡੇਰਾ ਬਾਬਾ ਮੁਰਾਦ ਸ਼ਾਹ ਦਰਬਾਰ ਨਕੋਦਰ ਵਿਖੇ ਸਾੲੀਂ ਗੁਲਾਮ ਸ਼ਾਹ ਦਾ ਦੋ ਦਿਨਾਂ 18ਵਾਂ ਉਰਸ ਮੇਲਾ ਸ਼ਰਧਾ ਪੂਰਵਕ ਸੰਪੰਨ ਹੋ ਗਿਆ | ਮੇਲੇ ਦੇ ਪਹਿਲੇ ਦਿਨ ਝੰਡੇ ਦੀ ਰਸਮ ਟਰੱਸਟ ਦੇ ਚੇਅਰਮੈਨ ਗੁਰਦਾਸ ਮਾਨ ਵਲੋਂ ਅਦਾ ਕੀਤੀ ਗਈ | ਰਾਤ ਕੱਵਾਲੀ ਦੀ ਮਹਿਫਿਲ ਦੌਰਾਨ ਕਰਾਮਤ ਅਲੀ ਮਾਲੇਰਕੋਟਲਾ ਨੇ ਸ਼ੁਰੂਆਤ ਕੀਤੀ | ਪਹਿਲੇ ਦਿਨ ਕਵਾਲੀ ਦੀ ਮਹਿਫਿਲ ਦੌਰਾਨ ਕਰਾਮਤ ਅਲੀ ਮਲੇਰਕੋਟਲਾ ਵਾਲੇ, ਬੰਟੀ ਕੱਵਾਲ, ਸਰਦਾਰ ਅਲੀ, ਗੁਲਜ਼ਾਰ ਸਾਬਰੀ ਤੇ ਸਲਾਮਤ ਅਲੀ ਨੇ ਆਪਣੀਆਂ ਕੱਵਾਲੀਆਂ ਨਾਲ ਸੰਗਤਾਂ ਨੂੰ ਮੰਤਰਮੁਗਧ ਕੀਤਾ | ਦੂਸਰੇ ਦਿਨ ਸਟੇਜ ਪ੍ਰੋਗਰਾਮ ਦੌਰਾਨ ਰਿਆਜ਼ ਅਲੀ, ਲਵਿਸ਼ ਚੌਹਾਨ, ਕਨਵਰ ਗਰੇਵਾਲ ਤੇ ਮਾਸਟਰ ਸਲੀਮ ਨੇ ਹਾਜ਼ਰੀ ਲਵਾਈ | ਇਸ ਉਪਰੰਤ ਟਰੱਸਟ ਦੇ ਚੇਅਰਮੈਨ ਅਤੇ ਵਿਸ਼ਵ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਸਟੇਜ ਦੀ ਸ਼ੁਰੂਆਤ ਗਣੇਸ਼ ਬੰਦਨਾ ਦੇ ਨਾਲ ਕੀਤੀ | ਉਪਰੰਤ ਲੱਗੀਆਂ ਨੇ ਮੌਜਾਂ ਲਗਾਈ ਰੱਖੀ ਸੋਹਣਿਆਂ, ਜੁਗ-ਜੁਗ ਜੀਣ ਸਰੋਤੇ ਮਾਂ ਬੋਲੀ ਪੰਜਾਬੀ ਦੇ, ਕਮਾਲ ਹੋ ਗਿਆ ਸਾੲੀਂ ਜੀ ਬੈਠੇ ਨਾਲ ਤੋਂ ਇਲਾਵਾ ਛੱਲਾ ਸਮੇਤ ਆਪਣੇ ਗੀਤਾਂ ਨਾਲ ਹਜ਼ਾਰਾਂ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ | ਮੇਲੇ ਦੌਰਾਨ ਸੰਗਤਾਂ ਲਈ ਟਰੱਸਟ ਅਤੇ ਲੋਕਾਂ ਵਲੋਂ ਥਾਂ-ਥਾਂ 'ਤੇ ਲੰਗਰ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ | ਟ੍ਰੈਫਿਕ ਨੂੰ ਕੰਟਰੋਲ ਅਤੇ ਪਾਰਕਿੰਗ ਲਈ ਜਲੰਧਰ ਦਿਹਾਤੀ ਪੁਲਿਸ ਨੇ ਪੁਖਤਾ ਪ੍ਰਬੰਧ ਕੀਤੇ ਸਨ | ਦੋ ਦਿਨ ਹਜ਼ਾਰਾਂ ਸੰਗਤਾਂ ਨੇ ਡੇਰਾ ਬਾਬਾ ਮੁਰਾਦ ਸ਼ਾਹ ਵਿਖੇ ਮੰਨਤਾਂ ਮੰਗੀਆਂ |