ਜਲੰਧਰ, 3 ਮਈ (ਜਸਪਾਲ ਸਿੰਘ)-ਜਿਮਖਾਨਾ ਕਲੱਬ 'ਚ ਚੱਲ ਰਹੇ ਨਾਈਟ ਕ੍ਰਿਕਟ ਟੂਰਨਾਮੈਂਟ ਜਿਮਖਾਨਾ ਪ੍ਰੀਮੀਅਰ ਲੀਗ (ਜੀਪੀਐਲ) ਦੇ ਅੱਜ ਹੋਏ ਫਾਈਨਲ ਮੁਕਾਬਲੇ 'ਚ ਵੰਡਰਲੈਂਡ ਬੈਟਲ ਹਾਕ ਨੇ ਆਪਣੀ ਵਿਰੋਧੀ ਟੀਮ ਸਪੇਸਰੇਸ ਟਾਈਗਰਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਜੇਤੂ ਖਿਤਾਬ 'ਤੇ ਕਬਜ਼ਾ ਕੀਤਾ | ਇਸੇ ਤਰਾਂ 40 ਸਾਲ ਤੋਂ ਉੱਪਰ ਉਮਰ ਵਰਗ ਦਾ ਫਾਈਨਲ ਮੁਕਾਬਲਾ ਵੀ ਨਿਊ ਏਜ ਆਟੋ ਐਂਡ ਰੀਅਲ ਸਪੋਰਟਸ ਕਲੱਬ ਦੀ ਟੀਮ ਨੇ ਕਲੱਬ ਚੈਲੇਂਜਰਸ ਨੂੰ 8 ਵਿਕਟਾਂ ਨਾਲ ਹਰਾ ਕੇ ਜਿੱਤਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਗਗਨਦੀਪ ਸਿੰਘ ਕਾਕੂ ਆਹਲੂਵਾਲੀਆ ਤੇ ਹੋਰਨਾਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਜੇਤੂ ਟੀਮ ਨੂੰ ਇਨਾਮ ਵੰਡੇ | ਇਸ ਮੌਕੇ ਕਲੱਬ ਦੇ ਸੈਕਟਰੀ ਸੰਦੀਪ ਬਹਿਲ ਕੁੱਕੀ, ਖਜ਼ਾਨਚੀ ਸੌਰਭ ਖੁੱਲਰ, ਪ੍ਰੋ. ਵਿਪਿਨ ਝਾਂਜੀ ਅਤੇ ਨਿਤਿਨ ਬਹਿਲ ਸਮੇਤ ਕਲੱਬ ਦੇ ਹੋਰ ਮੈਂਬਰ ਤੇ ਪ੍ਰਮੁੱਖ ਸ਼ਖਸ਼ੀਅਤਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਤੋਂ ਪਹਿਲਾਂ ਵੰਡਰਲੈਂਡ ਬੈਟਲ ਹਾਕ ਤੇ ਸਪੇਸਰੇਸ ਟਾਈਗਰਜ਼ ਦੀਆਂ ਟੀਮਾਂ ਵਿਚਕਾਰ ਹੋਏ ਫਾਈਨਲ ਮੁਕਾਬਲੇ 'ਚ ਸਪੇਸਰੇਸ ਟਾਈਗਰਜ਼ ਦੀ ਟੀਮ ਨੇ 10 ਓਵਰਾਂ 'ਚ 2 ਖਿਡਾਰੀਆਂ ਦੇ ਨੁਕਸਾਨ 'ਤੇ 156 ਦੌੜਾਂ ਬਣਾਈਆਂ, ਜਿਸ ਵਿਚ ਆਰਿਅਨ ਮਹਿਰਾ ਨੇ 34 ਗੇਂਦਾਂ 'ਤੇ 102 ਦੌੜਾਂ ਦਾ ਸ਼ਾਨਦਾਰ ਯੋਗਦਾਨ ਪਾਇਆ | ਮਹਿਰਾ ਨੇ ਆਪਣੀ ਪਾਰੀ 'ਚ 11 ਛੱਕੇ ਤੇ 7 ਚੌਕੇ ਲਗਾਏ | ਇਸੇ ਤਰਾਂ ਐਡਵਿਕ ਸਿੰਘ ਨੇ 20 ਗੇਂਦਾਂ 'ਚ 41 ਦੌੜਾਂ ਬਣਾਈਆਂ | ਜਦਕਿ ਦੂਸਰੇ ਪਾਸੇ ਵੰਡਰਲੈਂਡ ਬੈਟਲ ਹਾਕ ਦੀ ਟੀਮ ਨੇ ਇਹ ਟੀਚਾ 9 ਓਵਰਾਂ 'ਚ ਹੀ 2 ਵਿਕਟਾਂ ਗੁਆ ਕੇ ਹਾਸਿਲ ਕਰ ਲਿਆ | ਟੀਮ ਦੀ ਤਰਫੋਂ ਸ਼ਿਵਮ ਅਰੋੜਾ ਨੇ 24 ਗੇਂਦਾਂ 'ਚ 8 ਛੱਕਿਆਂ ਤੇ 5 ਚੌਕਿਆਂ ਦੀ ਮਦਦ ਨਾਲ ਸ਼ਾਨਦਾਰ 75 ਦੌੜਾਂ ਦੀ ਪਾਰੀ ਖੇਡੀ, ਜਦਕਿ ਮੁਕੁਲ ਨੇ 21 ਗੇਂਦਾਂ 'ਚ 6 ਛੱਕਿਆਂ ਤੇ ਇਕ ਚੌਕੇ ਦੀ ਮਦਦ ਨਾਲ 50 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ | ਇਸੇ ਤਰਾਂ 40 ਸਾਲ ਤੋਂ ਉੱਪਰ ਉਮਰ ਵਰਗ ਦੇ ਮੁਕਾਬਲੇ 'ਚ ਕਲੱਬ ਚੈਂਲੇਜ਼ਰਸ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 10 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 114 ਦੌੜਾਂ ਬਣਾਈਆਂ, ਜਿਸ ਵਿਚ ਕਰਾਂਤੀ ਜੈਨ ਨੇ 30 ਗੇਂਦਾਂ 'ਤੇ 4 ਛੱਕਿਆਂ ਤੇ 5 ਚੌਕਿਆਂ ਦੀ ਮਦਦ ਨਾਲ 56 ਦੌੜਾਂ ਦਾ ਸ਼ਾਨਦਾਰ ਯੋਗਦਾਨ ਦਿੱਤਾ | ਜਦਕਿ ਸੌਰਭ ਨੇ 14 ਗੇਂਦਾਂ 'ਤੇ 7 ਚੌਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ | ਦੂਸਰੇ ਪਾਸੇ ਨਿਊ ਏਜ ਸਪੋਰਟਸ ਕਲੱਬ ਨੇ ਉਕਤ ਟੀਚਾ 7.5 ਓਵਰਾਂ 'ਚ ਹੀ 2 ਵਿਕਟਾਂ ਗੁਆ ਕੇ ਹਾਸਿਲ ਕਰ ਲਿਆ | ਇਸ ਮੌਕੇ ਵਿਸ਼ਾਲ ਸੇਠ ਨੇ 20 ਗੇਂਦਾਂ 'ਚ 4 ਛੱਕਿਆਂ ਤੇ 5 ਚੌਕਿਆਂ ਦੀ ਮਦਦ ਨਾਲ 51 ਦੌੜਾਂ ਦੀ ਨਾਬਾਦ ਪਾਰੀ ਖੇਡਦਿਆਂ ਟੀਮ ਨੂੰ ਜਿੱਤ ਦਿਵਾਈ | ਇਸ ਮੌਕੇ ਰਾਹੁਲ ਝਾਂਜੀ ਵਲੋਂ ਨੇ ਉਨ੍ਹਾਂ ਦਾ ਸਾਥ ਦਿੰਦੇ ਹੋਏ 15 ਗੇਂਦਾਂ 'ਚ ਨਾਬਾਦ 30 ਦੌੜਾਂ ਦਾ ਯੋਗਦਾਨ ਪਾਇਆ |