ਜਲੰਧਰ, 5 ਮਈ (ਜਤਿੰਦਰ ਪੰਮੀ)-ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਵਲੋਂ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਕਰੀਬ 3 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀ ਗਈ ਆਧੁਨਿਕ ਮਸ਼ੀਨਰੀ ਨੂੰ ਹਰੀ ਝੰਡੀ ਦਿਖਾ ਕੇ ਲੋਕ ਸੇਵਾ ਲਈ ਸਮਰਪਿਤ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ 'ਆਪ' ਆਗੂ ਨਿਤਿਨ ਕੋਹਲੀ ਨੇ ਕਿਹਾ ਕਿ ਹਲਕੇ ਦੇ ਵਸਨੀਕਾਂ ਨੂੰ ਲੰਬੇ ਸਮੇਂ ਤੋਂ ਸੀਵਰੇਜ ਜਾਮ, ਗੰਦੇ ਪਾਣੀ ਦੀ ਨਿਕਾਸੀ ਅਤੇ ਪਾਣੀ ਸਪਲਾਈ ਨਾਲ ਜੁੜੀਆਂ ਸਮੱਸਿਆਵਾਂ ਦਾ ਪੱਕਾ ਤੇ ਤੇਜ਼ ਹੱਲ ਕਰਨਾ ਉਨ੍ਹਾਂ ਦੀ ਪਹਿਲ ਹੈ | ਉਨ੍ਹਾਂ ਕਿਹਾ ਕਿ ਇਲਾਕੇ ਦੇ ਹਰ ਵਾਰਡ ਵਿੱਚ ਲੋਕਾਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਨੂੰ ਰੋਜ਼ਾਨਾ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕੇ ਅਤੇ ਸ਼ਹਿਰ ਵਿੱਚ ਸਫਾਈ ਤੇ ਸਹੂਲਤਾਂ ਦਾ ਪੱਧਰ ਹੋਰ ਉੱਚਾ ਹੋਵੇ | ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਸੀਵਰ ਜੈਟਿੰਗ ਮਸ਼ੀਨ, ਸੀਵਰ ਸੁਪਰ ਸਕਰ ਟੈਂਕਰ, ਵਾਟਰ ਟੈਂਕਰ, ਡੀ-ਸਿਲਟਿੰਗ ਲਈ ਗ੍ਰੈਬ ਆਟੋ ਅਤੇ ਛੋਟਾ ਹਾਥੀ ਇਲੈਕਟਿ੍ਕ ਵਾਹਨ ਵਰਗੀ ਆਧੁਨਿਕ ਮਸ਼ੀਨਰੀ ਸ਼ਾਮਲ ਹੈੈ | ਇਹ ਮਸੀਨਰੀ ਨਾ ਸਿਰਫ ਸੀਵਰੇਜ ਦੀ ਸਫਾਈ ਅਤੇ ਡੀ-ਸਿਲਟਿੰਗ ਦੇ ਕੰਮ ਨੂੰ ਤੇਜੀ ਨਾਲ ਅੰਜਾਮ ਦੇਵੇਗੀ, ਸਗੋਂ ਪਾਣੀ ਸਪਲਾਈ ਅਤੇ ਸਫਾਈ ਪ੍ਰਬੰਧਾਂ ਨੂੰ ਵੀ ਨਵੀਂ ਮਜ਼ਬੂਤੀ ਪ੍ਰਦਾਨ ਕਰੇਗੀ | ਨਿਤਿਨ ਕੋਹਲੀ ਨੇ ਕਿਹਾ ਕਿ ਜਲੰਧਰ ਸੈਂਟਰਲ ਦੇ ਵਿਕਾਸ, ਸਾਫ-ਸੁਥਰੇ ਮਾਹੌਲ ਅਤੇ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਹ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੇ ਹਨ | ਇਸ ਮੌਕੇ ਜਤਿਨ ਗੁਲਾਟੀ, ਦੀਪਕ, ਅਜੈ ਚੋਪੜਾ, ਸਮੀਰ ਮਰਵਾਹਾ, ਐਮ.ਬੀ. ਬਾਲੀ, ਸੁਭਾਸ ਸਰਮਾ, ਪਰਵੀਨ ਬੱਬੀ, ਅਮਿਤ ਕੁਮਾਰ (ਐੱਸ.ਡੀ.ਓ.), ਸੰਜੀਵ ਤ੍ਰੇਹਨ ਅਤੇ ਮਨੀਸ਼ ਸ਼ਰਮਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |