ਜਲੰਧਰ, 5 ਮਈ (ਸ਼ਿਵ)-ਨਗਰ ਨਿਗਮ ਪ੍ਰਸ਼ਾਸਨ ਨੇ ਸ਼ਹਿਰ ਵਿਚ ਇਸ਼ਤਿਹਾਰੀ ਬੋਰਡਾਂ ਦੇ ਮਾਮਲੇ ਵਿਚ ਹੋਰ ਸਖ਼ਤੀ ਕਰਨ ਦਾ ਫ਼ੈਸਲਾ ਕਰਦੇ ਹੋਏ ਕਿਹਾ ਹੈ ਕਿ ਜੇਕਰ ਕਿਸੇ ਨੇ ਬਿਨਾਂ ਮਨਜੂਰੀ ਤੋਂ ਇਲਾਵਾ ਬਿਨਾਂ ਲੋਗੋ ਅਤੇ ਬਿਨਾਂ ਫ਼ੋਨ ਨੰਬਰ 'ਤੇ ਜੇਕਰ ਕੋਈ ਸ਼ਹਿਰ ਵਿਚ ਧਾਰਮਿਕ ਜਾਂ ਸਮਾਜਿਕ ਜਥੇਬੰਦੀਆਂ ਦੇ ਬੋਰਡ ਲਗਾਏ ਗਏ ਤਾਂ ਇਸ ਮਾਮਲੇ ਵਿਚ ਨਿਗਮ ਪ੍ਰਸ਼ਾਸਨ ਵਲੋਂ ਕੇਸ ਦਰਜ ਕਰਵਾਇਆ ਜਾਵੇਗਾ | ਨਿਗਮ ਦੀ ਸੰਯੁਕਤ ਕਮਿਸ਼ਨਰ ਸੁਮਨਦੀਪ ਕੌਰ ਦੀ ਪ੍ਰਧਾਨਗੀ ਵਿਚ ਇਸ਼ਤਿਹਾਰੀ ਬੋਰਡ ਤਿਆਰ ਕਰਨ ਵਾਲੇ ਲੋਕਾਂ ਦੀ ਸੱਦੀ ਗਈ ਮੀਟਿੰਗ ਵਿਚ ਕਈ ਹਦਾਇਤਾਂ ਦਿੱਤੀਆਂ ਗਈਆਂ ਹਨ | ਇਸ ਮੀਟਿੰਗ ਵਿਚ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਵੀ ਮੌਜੂਦ ਸਨ | ਨਿਗਮ ਅਫ਼ਸਰਾਂ ਨੇ ਬੋਰਡ ਤਿਆਰ ਕਰਨ ਵਾਲੇ ਪਿ੍ੰਟਰਾਂ ਤੇ ਹੋਰਾਂ ਨੂੰ ਹਦਾਇਤ ਦਿੱਤੀ ਕਿ ਸ਼ਹਿਰ ਵਿਚ ਜਿਹੜੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਬੋਰਡ ਤਿਆਰ ਕੀਤੇ ਜਾਂਦੇ ਹਨ | ਉਨਾਂ ਦੇ ਉੱਪਰ ਬਕਾਇਦਾ ਪਿ੍ੰਟਰ ਦੇ ਲੋਗੋ, ਮੋਬਾਈਲ ਨੰਬਰ ਜਾਣਕਾਰੀ ਲਿਖੀ ਹੋਣੀ ਚਾਹੀਦੀ ਹੈ | ਨਿਗਮ ਅਫ਼ਸਰਾਂ ਦਾ ਕਹਿਣਾ ਸੀ ਇਨ੍ਹਾਂ ਬੋਰਡਾਂ ਬਾਰੇ ਜੇਕਰ ਕਦੇ ਵਿਵਾਦ ਹੰੁਦੇ ਹਨ ਤਾਂ ਇਸ ਬਾਰੇ ਬੋਰਡ ਤਿਆਰ ਕਰਨ ਵਾਲੇ ਦਾ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ | ਜੇਕਰ ਇਸ ਤਰ੍ਹਾਂ ਦੀ ਨਿਯਮਾਂ ਦੀ ਪਾਲਨਾ ਨਹੀਂ ਕੀਤੀ ਗਈ ਤਾਂ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ | ਇਸ ਮੀਟਿੰਗ ਵਿਚ ਬੋਰਡ ਤਿਆਰ ਕਰਨ ਵਾਲਿਆਂ ਨੂੰ ਹਦਾਇਤ ਦਿੱਤੀ ਗਈ ਕਿ ਸ਼ਹਿਰ ਵਿਚ ਹੁਣ ਇਸ਼ਤਿਹਾਰੀ ਬੋਰਡ ਲਗਾਉਣ ਦਾ ਕੰਮ ਕੰਪਨੀ ਨੂੰ ਦੇ ਦਿੱਤਾ ਗਿਆ ਹੈ ਤੇ ਕਿਸੇ ਵੀ ਹਾਲਤ ਵਿਚ ਉਹ ਹੁਣ ਵਪਾਰਕ ਇਸ਼ਤਿਹਾਰੀ ਬੋਰਡ ਤਿਆਰ ਕਰਕੇ ਨਾ ਲਗਾਉਣ ਨਹੀਂ ਤੇ ਨਿਯਮਾਂ ਦੇ ਤਹਿਤ ਉਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ | ਇਸ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਪੁਲਿਸ ਕਮਿਸ਼ਨਰ ਨੂੰ ਪੁਲਿਸ ਸਹਾਇਤਾ ਬੂਥਾਂ ਤੇ ਟ੍ਰੈ੍ਰਿਫਕ ਪੁਲਿਸ ਬੈਰੀਕੇਡਾਂ 'ਤੇ ਜਿਹੜੇ ਅਣਅਧਿਕਾਰਤ ਇਸ਼ਤਿਹਾਰ ਹਟਾਉਣ ਦੀ ਕਾਰਵਾਈ ਲਈ ਪੱਤਰ ਲਿਖਿਆ ਗਿਆ ਸੀ | ਉਸ ਮਾਮਲੇ ਵਿਚ ਕਾਰਵਾਈ ਕਰਨ ਲਈ ਯਾਦਗਾਰੀ ਪੱਤਰ ਭੇਜਿਆ ਜਾਵੇਗਾ ਤਾਂ ਜੋ ਉਕਤ ਇਸ਼ਤਿਹਾਰ ਹਟਾਏ ਜਾ ਸਕਣ | ਨਿਗਮ ਅਫ਼ਸਰਾਂ ਦਾ ਕਹਿਣਾ ਸੀ ਕਿ 26 ਅਪ੍ਰੈਲ 2018 ਦੀ ਪਾਲਿਸੀ ਮੁਤਾਬਕ ਮਿਉਂਸਪਲ ਆਊਟਡੋਰ ਇਸ਼ਤਿਹਾਰ ਉਪ-ਨਿਯਮਾਂ ਦੇ ਅਨੁਸਾਰ ਪੁਲਿਸ ਸਹਾਇਤਾ ਬੂਥਾਂ ਤੇ ਟ੍ਰੈਫਿਕ ਨਾਲ ਸਬੰਧਿਤ ਬੁਨਿਆਦੀ ਢਾਂਚੇ 'ਤੇ ਇਸ਼ਤਿਹਾਰ ਪ੍ਰਦਰਸ਼ਿਤ ਕਰਨ ਦੀ ਮਨਾਹੀ ਹੈ | ਨਿਗਮ ਕਮਿਸ਼ਨਰ ਵਲੋਂ ਇਸ ਤਰਾਂ ਦੀ ਪਹਿਲਾਂ ਹੀ ਸਿਫ਼ਾਰਸ਼ ਕੀਤੀ ਗਈ ਸੀ ਕਿ ਇਨ੍ਹਾਂ ਇਸ਼ਤਿਹਾਰਾਂ ਨੂੰ ਹਟਵਾਉਣਾ ਚਾਹੀਦਾ ਹੈ | ਉਂਝ ਇਨ੍ਹਾਂ ਇਸ਼ਤਿਹਾਰਾਂ ਨੂੰ ਹਟਾਉਣ ਲਈ ਨਿਗਮ ਪ੍ਰਸ਼ਾਸਨ ਵੀ ਅਧਿਕਾਰ ਰੱਖਦਾ ਹੈ | ਚੇਤੇ ਰਹੇ ਕਿ ਸ਼ਹਿਰ ਵਿਚ ਇਸ ਤਰਾਂ ਦੇ ਕਈ ਬੈਰੀਕੇਡ ਅਤੇ ਟ੍ਰੈਫਿਕ ਸਹਾਇਕਾ ਬੂਥਾਂ 'ਤੇ ਕਈ ਲੋਕ ਇਸ਼ਤਿਹਾਰ ਲਗਾ ਕੇ ਨਿਗਮ ਦਾ ਵਿੱਤੀ ਨੁਕਸਾਨ ਕਰ ਰਹੇ ਹਨ | ਇਸ ਤੋਂ ਇਲਾਵਾ ਚੌਕਾਂ ਜਾਂ ਹੋਰ ਥਾਵਾਂ 'ਤੇ ਪਾਬੰਦੀ ਦੇ ਬਾਵਜੂਦ ਜਿਹੜੇ ਬੋਰਡ ਲਗਾਏ ਗਏ ਹਨ | ਉਨਾਂ ਬਾਰੇ ਵੀ ਨਿਗਮ ਵਲੋਂ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਣ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿਹੜੇ ਲੋਕ ਨਾਜਾਇਜ ਤੌਰ 'ਤੇ ਬੋਰਡ ਲਗਾ ਰਹੇ ਹਨ | ਚਾਰੇ ਹਲਕਿਆਂ ਵਿਚ ਨਾਜਾਇਜ ਬੋਰਡਾਂ ਨੂੰ ਰੋਕਣ ਲਈ ਚਾਰ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ |