ਸ਼ਾਹਕੋਟ, 5 ਮਈ (ਦਲਜੀਤ ਸਿੰਘ ਸਚਦੇਵਾ)-ਪੱਛਮੀ ਬੰਗਾਲ ਵਿਚ ਭਾਜਪਾ ਦੀ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਦੀ ਜਿੱਤ ਹੈ | ਇਹ ਜਿੱਤ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣਾਉਣ ਦਾ ਮੁੱਢ ਬੰਨ੍ਹੇਗੀ | ਇਹ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਐੱਮ.ਸੀ ਜਗਮੋਹਣ ਹੈਪੀ ਡਾਬਰ, ਜਗਦੀਸ਼ ਵਡੈਹਰਾ ਸਾਬਕਾ ਐੱਮ.ਸੀ ਅਤੇ ਅਸ਼ਵਨੀ ਮਿੱਤਲ ਜ਼ਿਲ੍ਹਾ ਜਨਰਲ ਸਕੱਤਰ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਬੰਗਾਲ ਵਿਚ ਪਿਛਲੇ ਲੰਬੇ ਸਮੇਂ ਤੋਂ ਹਿੰਦੂ ਸਮਾਜ 'ਤੇ ਅੱਤਿਆਚਾਰ ਹੋ ਰਿਹਾ ਸੀ, ਕਾਨੂੰਨ ਵਿਵਸਥਾ ਦੇ ਵਿਗੜਦੇ ਹਾਲਾਤ ਨੇ ਆਮ ਨਾਗਰਿਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਸੀ | ਮਮਤਾ ਸਰਕਾਰ ਦੇ ਪਾਪਾਂ ਦਾ ਘੜਾ ਭਰ ਚੁੱਕਾ ਸੀ, ਜਿਸ ਦਾ ਨਤੀਜਾ ਚੋਣ ਨਤੀਜਿਆਂ ਦੇ ਰੂਪ ਵਿਚ ਸਭ ਦੇ ਸਾਹਮਣੇ ਹੈ | ਭਾਜਪਾ ਦੀ ਇਹ ਜਿੱਤ ਇਸ ਗੱਲ ਦਾ ਪ੍ਰਤੀਕ ਹੈ ਕਿ ਜਨਤਾ ਹੁਣ ਵੰਡ ਪਾਉਣ ਵਾਲੀ ਰਾਜਨੀਤੀ ਨੂੰ ਨਕਾਰ ਕੇ ਸੁਰੱਖਿਆ ਤੇ ਸਨਮਾਨ ਚਾਹੁੰਦੀ ਹੈ | ਬੰਗਾਲ ਦੇ ਇਨ੍ਹਾਂ ਨਤੀਜਿਆਂ ਨੇ ਭਾਜਪਾ ਵਰਕਰਾਂ ਵਿਚ ਨਵਾਂ ਜੋਸ਼ ਭਰ ਦਿੱਤਾ ਹੈ | ਪਾਰਟੀ ਹੁਣ 2027 ਦੀਆਂ ਤਿਆਰੀਆਂ ਵਿਚ ਜੁੱਟ ਗਈ ਹੈ ਤੇ ਭਵਿੱਖ ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਡਬਲ ਇੰਜਣ ਦੀ ਸਰਕਾਰ ਬਣਨ ਜਾ ਰਹੀ ਹੈ |